ਪੰਜਾਬੀਆਂ ਦੀ ਹਰਦਿਲ ਅਜੀਜ਼ ਜੋੜੀ-ਅਮਰ ਸਿੰਘ ਚਮਕੀਲਾ ਤੇ ਅਮਰਜੋਤ ਪੰਜਾਬੀਆਂ ਦੀ ਹਰਦਿਲ ਅਜੀਜ਼ ਜੋੜੀ-ਅਮਰ ਸਿੰਘ ਚਮਕੀਲਾ ਤੇ ਅਮਰਜੋਤ
BREAKING NEWS
Search
chamkila

ਪੰਜਾਬੀਆਂ ਦੀ ਹਰਦਿਲ ਅਜੀਜ਼ ਜੋੜੀ-ਅਮਰ ਸਿੰਘ ਚਮਕੀਲਾ ਤੇ ਅਮਰਜੋਤ

73


ਪੰਜਾਬੀ ਗਾਇਕੀ ਦਾ 1979ਤੋਂ ਲੈ ਕੇ 1988 ਤੱਕ ਦਾ ਦੌਰ ਸਵ: ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਨਾਂਅ ਹਮੇਸਾਂ ਲਈ ਯਾਦ ਰੱਖਿਆ ਜਾਵੇਗਾ । ਚਮਕੀਲੇ ਦੇ ਪੰਜਾਬੀ ਗਾਇਕੀ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਈ ਥੰਮ ਗਾਇਕਾਂ ਦਾ ਪੂਰਾ ਦਬਦਬਾ ਸੀ ।ਜਿਹੜੇ ਕਹਿੰਦੇ ਸਨ ਕਿ ਅਸੀਂ ਗਾਇਕੀ ਦੇ ਵਿਚ ਜੋ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ,ਇਸ ਨੂੰ ਕੋਈ ਟੱਪ ਨਹੀਂ ਸਕਦਾ,ਪਰ ਚਮਕੀਲੇ ਨੇ ਆਪਣੀ ਗਾਇਕੀ,ਗੀਤਕਾਰੀ ਤੇ ਵਿਅਕਤੀਗਤ ਤੌਰ ਤੇ ਅਜਿਹੀ ਛਾਪ ਛੱਡੀ ਕਿ ਚਾਰੇ ਪਾਸੇ ਉਸਦਾ ਨਾਂਅ ਗੂੰਜਣ ਲੱਗਾ ਤੇ ਥੰਮ ਗਾਇਕਾਂ ਨੂੰ ਆਪਣੇ ਦਫਤਰ ਬੰਦ ਕਰਕੇ ਕੋਈ ਹੋਰ ਕੰਮ ਵਿੱਢਣੇ ਪਏ ਸਨ ।


ਅਮਰ ਸਿੰਘ ਚਮਕੀਲੇ ਦਾ ਜਨਮ ਜੁਲਾਈ 1960 ਵਿਚ ਪਿੰਡ ਦੁੱਗਰੀ ਜੋ ਪਹਿਲਾਂ ਲੁਧਿਆਣੇ ਸ਼ਹਿਰ ਤੋਂ ਦੋ ਕੁ ਕਿਲੋਮੀਟਰ ਹੱਟਕੇ ਦੱਖਣ ਵੱਲ ਸਥਿਤ ਸੀ, ਤੇ ਅੱਜ ਕੱਲ ਲੁਧਿਆਣੇ ਦੀ ਆਗੋਸ਼ ਵਿਚ ਆ ਚੁੱਕਿਆ ਹੈ,ਸ.ਹਰੀ ਸਿੰਘ ਦੇ ਗ੍ਰਹਿ ਵਿਖੇ ਹੋਇਆ ।ਮਾਪਿਆਂ ਨੇ ਉਸਦਾ ਨਾਂਅ ਧਨੀ ਰਾਮ ਰੱਖਿਆ,ਜੋ ਵਾਕਿਆ ਹੀ ਧਨੀ ਰਾਮ ਸਾਬਿਤ ਹੋਇਆ ।ਗਰੀਬੀ ਦੀ ਦਲ ਦਲ ਵਿਚ ਖੁੱਭੇ ਹਰੀ ਸਿੰਘ ਨੇ ਆਪਣੇ ਹੋਣਹਾਰ ਪੁੱਤਰ ਧਨੀ ਰਾਮ ਨੂੰ ਛੇਵੀਂ ਕਲਾਸ ਵਿੱਚੋਂ ਹਟਾਕੇ ਲੁਧਿਆਣੇ ਫਲੈਟ ਤੇ ਕੰਮ ਕਰਨ ਲਈ ਲਗਾ ਦਿੱਤਾ ।ਬਾਰਾਂ-ਬਾਰਾਂ,ਪੰਦਰਾਂ-ਪੰਦਰਾਂ ਘੰਟੇ ਮਿਹਨਤ ਮਜਦੂਰੀ ਕਰਕੇ ਚਮਕੀਲਾ ਸਾਰੀ ਕਮਾਈ ਆਪਣੀ ਵੱਡੀ ਭੈਣ ਸਵਰਨ ਕੌਰ ਦੇ ਹਵਾਲੇ ਕਰਦਾ ਰਿਹਾ ਅਤੇ ਘਰ ਆਕੇ ਦੋ-ਤਿੰਨ ਘੰਟੇ ਹਰਮੋਨੀਅਮ ਤੇ ਤੂੰਬੀ ਨਾਲ ਜੂਝਦਾ ।ਚਮਕੀਲੇ ਦੇ ਅੰਦਰਲਾ ਛੁਪਿਆ ਕਲਾਕਾਰ ਚਮਕੀਲੇ ਨੂੰ ਹੁੰਝਾਂ ਮਾਰ-ਮਾਰ ਜਗਾ ਰਿਹਾ ਸੀ ।


ਪਿੰਡ ਦੁੱਗਰੀ ਦੇ ਨੌਜਵਾਨਾਂ ਨੇ ਮਾਸਟਰ ਮਲੂਕ ਚੰਦ ਜਾਂਡਲੇ ਵਾਲੇ ਅਤੇ ਹਰਦੇਵ ਸਿੰਘ ਨਿਗਾਹੀਆ ਠੱਕਰਵਾਲ ਵਾਲਿਆਂ ਦੀ ਨਾਟਕ-ਮੰਡਲੀਆਂ ਤੋਂ ਪ੍ਰਭਾਵਿਤ ਹੋਕੇ ਪਿੰਡ ਵਿਚ ਇੱਕ ਨਾਟਕ ਮੰਡਲੀ ਬਣਾਈ,ਜਿੰਨ੍ਹਾਂ ਵਿਚ ਚਮਕੀਲਾ ਪੂਰਨ ਭਗਤ,ਸਰਵਣ ਨਾਥ ਅਤੇ ਮੀਰਾਂ ਬਾਈ ਦੇ ਰੋਲ ਬਾਖੂਬੀ ਨਿਭਾਉਣ ਲੱਗ ਪਿਆ ।ਡਰਾਮੇ ਵਿਚ ਦੋ ਚਾਰ ਗੀਤ ਗਾਕੇ ਵੀ ਚਮਕੀਲੇ ਨੇ ਵਧੀਆ ਸਟੇਜੀ ਵਿਸਵਾਸ਼ ਗ੍ਰਹਿਣ ਕਰ ਲਿਆ ਤੇ ਉਸਦਾ ਹਰ ਖੇਤਰ ਵਿਚ ਝਾਕਾ ਖੁੱਲ ਗਿਆ ।


ਕਿਸੇ ਸਟੇਜ ਤੇ ਚਮਕੀਲੇ ਨੂੰ ਅਦਾਇਗੀ ਕਰਦਿਆਂ ਆਪਣੇ ਸਮੇ (1975) ਦੇ ਮਸ਼ਹੂਰ ਗਾਇਕ ਹਰਚਰਨ ਗਰੇਵਾਲ ਨੇ ਦੇਖ ਲਿਆ ਤੇ ਚਮਕੀਲੇ ਨੂੰ ਆਪਣੇ ਨਾਲ ਹਰਮੋਨੀਅਮ ਵਜਾਉਣ ਤੇ ਰੱਖ ਲਿਆ ।ਹਰਚਰਨ ਗਰੇਵਾਲ ਨਾਲ ਪਹਿਲਾਂ ਇਹ ਸੇਵਾਵਾਂ ਕੁਲਦੀਪ ਮਾਣਕ ਨਿਭਾਉਂਦਾ ਸੀ ।ਚਮਕੀਲੇ ਨੇ ਦਾਅ ਲਾਕੇ ਹਰਚਰਨ ਗਰੇਵਾਲ ਦੀ ਸਟੇਜ ‘ਤੇ ਇੱਕ-ਦੋ ਗੀਤ ਵੀ ਗਾ ਦੇਣੇ ।ਫਿਰ ਹਰਚਰਨ ਗਰੇਵਾਲ ਗਾਇਕੀ ਤੋਂ ਸਨਿਆਸ ਲੈ ਕੇ ਆਪਣੇ ਪਿੰਡ ਜਮਾਲਪੁਰ ਬੈਠ ਗਿਆ ਤੇ ਚਮਕੀਲਾ ਸੁਰਿੰਦਰ ਸ਼ਿੰਦੇ ਦੇ ਖੇਮੇ ਵਿਚ ਆ ਗਿਆ ।


ਸੰਨ 1979 ਵਿਚ ਚਮਕੀਲੇ ਦੀ ਜਿੰਦਗੀ ਵਿਚ ਇੱਕ ਜਬਰਦਸਤ ਮੋੜ ਆਇਆ ।ਸੁਰਿੰਦਰ ਸ਼ਿੰਦਾ ਕਿਸੇ ਕਾਰਨ ਕਰਕੇ ਆਪਣੇ ਵਿਦੇਸੀ ਟੂਰ ‘ਤੇ ਉਸ ਸਮੇ ਦੀ ਖੂਬਸੂਰਤ ਤੇ ਸੁਰੀਲੀ ਗਾਇਕਾ ਗੁਲਸ਼ਨ ਕੋਮਲ ਨੂੰ ਆਪਣੇ ਨਾਲ ਲੈ ਗਿਆ ।ਸੁਰਿੰਦਰ ਸੋਨੀਆ ਅਮਰ ਸਿੰਘ ਚਮਕੀਲੇ ਨੂੰ ਆਪਣੇ ਨਾਲ ਲੈ ਕੇ ਦਿੱਲੀ ਐਚ.ਐਮ.ਵੀ.ਰਿਕਾਰਡਿੰਗ ਕਰਵਾਉਣ ਲਈ ਲੈ ਗਈ ।ਸ਼ਿੰਦੇ ਦੇ ਵਤਨ ਪਰਤਨ ਤੋਂ ਪਹਿਲਾਂ ਹੀ ਈ.ਪੀ.ਰਿਕਾਰਡ ‘ਟਕੂਏ ਤੇ ਟਕੂਆ ਖੜਕੇ’ ਮਾਰਕੀਟ ਵਿਚ ਭੇਜ ਦਿੱਤਾ ਗਿਆ ।

ਗੀਤਾਂ ਨੇ ਮਾਰਕੀਟ ਵਿਚ ਤਬਾਹੀ ਮਚਾ ਦਿੱਤੀ ।ਜਦੋਂ ਚਮਕੀਲੇ ਦੀ ਪੈਸਿਆਂ ਨੂੰ ਲੈਕੇ ਸੋਨੀਆਂ ਨਾਲ ਅਣਬਣ ਹੋ ਗਈ ਤਾਂ ਉਸਨੇ ਫਰੀਦਕੋਟ ਦੀ ਜੰਮਪਲ ਅਮਰਜੋਤ ਨਾਲ ਦੂਜਾ ਵਿਆਹ ਕਰਵਾਕੇ ਪੱਕਾ ਸੈਟ ਬਣਾ ਲਿਆ ।
ਚਮਕੀਲੇ ਦੇ ਲਿਖੇ ਗੀਤ ਠੇਠ ਪੇਂਡੂ ਮਲਵਈ ਬੋਲੀ ਨਾਲ ਗੜੁੱਚ ਸਨ ।

ਉਸਦੇ ਗੀਤਾਂ ਵਿਚ ਖੂਬਸੂਰਤ ਤਸਵੀਰਾਂ,ਔਰਤਾਂ ਤੇ ਮੁਹਾਵਰੇ ਵੇਖਣ ਨੂੰ ਮਿਲਦੇ ਹਨ ।ਗਾਇਕੀ,ਗੀਤਕਾਰੀ ਤੇ ਕੰਪੋਜਰ ਦੇ ਤੌਰ ਤੇ ਉਸਦੇ ਨਾਲ ਦਾ ਕੋਈ ਵੀ ਗਾਇਕ ਪੈਦਾ ਨਹੀਂ ਹੋ ਸਕਿਆ ।ਰੁਮਾਂਟਿਕ ਗੀਤ ਲਿਖਣ ਕਰਕੇ ਉਸਦੀ ਕਾਫੀ ਅਲੋਚਨਾ ਹੁੰਦੀ ਰਹੀ,ਪਰ ‘ਤਲਵਾਰ ਮੈਂ ਕਲਗੀਧਰ ਦੀ ਹਾਂ,’ ‘ਨਾਮ ਜੱਪਲੈ,’ ‘ਬਾਬਾ ਤੇਰਾ ਨਨਕਾਣਾ,’ ‘ਤਾਰਿਆਂ ਦੀ ਲੋਏ-ਲੋਏ,’ਐਂਵੇ ਨਾਂ ਜਿੰਦੇ ਮਾਣ ਕਰੀਂ,ਸਰਹਿੰਦ ਦੀ ਦੀਵਾਰੇ,ਤੁਰ ਚੱਲੀ ਜਿੰਦੜੀਏ ਤੇ ‘ਇੱਕ ਵਾਰੀ ਕਹਿਦੇ ਮੈਨੂੰ ਮਾਂ’ ਆਦਿ ਧਾਰਮਿਕ ਗੀਤਾਂ ਨਾਲ ਉਸ ਵਿਰੁੱਧ ਉੱਠ ਰਹੀਆਂ ਤੱਤੀਆਂ ਹਵਾਵਾਂ ਠੰਢੀਆਂ ਪੈ ਗਈਆਂ ਸਨ,ਪਰ ਹੋਣੀ ਅੱਗੇ ਕਾਹਦਾ ਜੋਰ ।

ਉਸਨੇ ‘ਧੀ ਮਰਜੇ ਬਰਾਬਰ ਲੋਕੋ,ਧੋਖਾ ਨਹੀਂ ਕਮਾਈਂਦਾ ਤੇ ‘ਆਪੇ ਗੱਲ ਕਰਕੇ ਨਹੀਂ ਹੱਸੀਂਦਾ’ ਲੋਕ ਤੱਥਾਂ ਰਾਹੀਂ ਨਵੀਆਂ ਲੋਕ ਸਚਾਈਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ।’ਵੇ ਦਾਦੇ ਮਰੌਣਿਆਂ’ ਮਾਂ-ਪੁੱਤ ਦੇ ਇਸ ਗੀਤ ਨਾਲ ਉਸਦੀ ਕਲਮ ਨੇ ਇੱਕ ਨਵਾਂ ਆਈਡੀਆ ਰੂਪਮਾਨ ਕੀਤਾ ।ਡਿਊਟ ਗੀਤਾਂ ਨੂੰ ਹਿੱਕ ਦੇ ਜੋਰ ਨਾਲ ਗਾਉਣ ਦੀ ਪਿਰਤ ਵੀ ਚਮਕੀਲੇ ਨੇ ਹੀ ਪਾਈ । ਉਸ ਵਕਤ ਦੇ ਮਾੜੇ ਸਾਊਂਡ ਪ੍ਰਬੰਧ ਵਿਚ ਵੀ ਚਮਕੀਲੇ ਨੇ ਇੱਕ ਦਿਨ ਵਿਚ ਤਿੰਨ-ਤਿੰਨ ਅਖਾੜੇ ਲਾਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਆਪਣੇ ਗਲੇ ਦੀ ਪਿੱਚ ਮਰਨ ਨਹੀਂ ਦਿੱਤੀ ਸੀ ।ਉਹ ਪੰਜਾਬੀ ਦਾ ਇਕਲੌਤਾ ਗਾਇਕ ਸੀ ਜਿਸ ਤੋਂ ਪੁੱਛਕੇ ਲੋਕ ਆਪਣੇ ਮੁੰਡਿਆਂ ਦੇ ਵਿਆਹ ਧਰਨ ਲੱਗ ਪਏ ਸਨ ।ਉਸਦੇ ਅਖਾੜੇ ਲਾਉਣ ਦੀ ਸੀਮਾ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ,ਦਿੱਲੀ ਤੇ ਰਾਜਸਥਾਨ ਦੇ ਪਿੰਡਾਂ ਤੱਕ ਜਾ ਪਹੁੰਚੀ ਸੀ ।ਗਾਇਕੀ ਦੇ ਵੱਡੇ ਵੱਡੇ ਪੰਡਤ ਚਮਕੀਲੇ ਦੀ ਹਰ ਕਲ੍ਹਾ ਤੋਂ ਪ੍ਰਭਾਵਿਤ ਸਨ ।


ਚਮਕੀਲਾ ਕਲ੍ਹਾ ਦਾ ਵੱਡਾ ਕਦਰਦਾਨ ਸੀ ।ਪ੍ਰਸਿੱਧ ਕਵੀ ਕਰਤਾਰ ਸਿੰਘ ਬਲੱਗਣ ਦੀ ਰਚਨਾ ‘ਪੰਥ ਗੁਰੂ ਦਾ ਆਪ ਦਸਮੇਸ਼ ਰਾਖਾ’ ਨੂੰ ਚਮਕੀਲੇ ਨੇ ਆਪਣੀ ਆਵਾਜ ਵਿਚ ਗਾਇਆ ਹੈ । ਗੀਤਕਾਰ ਕਰਮ ਸਿੰਘ ਮਹਾਲਮੀ ਚਮਕੀਲੇ ਨੂੰ ਇੱਕ ਵਾਰ ਵੀ ਨਹੀਂ ਮਿਲਿਆ ਸੀ ਪਰ ਉਸਨੇ ਦੋ ਧਾਰਮਿਕ ਗੀਤ ਰਿਕਾਰਡ ਕਰਵਾਕੇ ਮਹਾਲਮੀ ਨੂੰ ਵਿਸ਼ਵ ਪੱਧਰ ਦਾ ਗੀਤਕਾਰ ਬਣਾ ਦਿੱਤਾ।ਚਮਕੀਲਾ ਸਾਊ,ਸ਼ਾਂਤ ਸੁਭਾਅ ਤੇ ਨੇਕ ਦਿਲ ਇਨਸਾਨ ਸੀ । ਉਸਨੇ ਆਪਣੇ ਸਾਜੀਆਂ ਨੂੰ ਬੈਲਟੈਕ ਟੀ.ਵੀ.ਲੈਕੇ ਦਿੱਤੇ ਸਨ ਜੋ ਅੱਜ ਉਨ੍ਹਾਂ ਦੇ ਘਰਾਂ ਵਿਚ ਆਖਰੀ ਨਿਸ਼ਾਨੀ ਵਜੋਂ ਸਾਂਭੇ ਪਏ ਹਨ ।


8 ਮਾਰਚ 1988 ਨੂੰ ਲਗਭੱਗ ਦੋ ਵਜੇ ਜਲੰਧਰ ਜਿਲ੍ਹੇ ਦੇ ਪਿੰਡ ਮਹਿਸਮਪੁਰ (ਨੇੜੇ ਫਿਲੌਰ) ਵਿਖੇ ਮੌਤ ਨੇ ਅਮਰ ਸਿੰਘ ਚਮਕੀਲਾ,ਅਮਰਜੋਤ,ਹਰਜੀਤ ਗਿੱਲ ਤੇ ਬਲਦੇਵ ਦੇਬੂ ਨੂੰ ਸਦਾ ਲਈ ਪੰਜਾਬੀਆਂ ਤੋਂ ਖੋਹ ਲਿਆ ।ਭਾਵੇਂ ਇਹ ਗਾਇਕ ਜੋੜੀ ਜਿਸਮਾਨੀ ਤੌਰ ‘ਤੇ  ਮਰ ਚੁੱਕੀ ਹੈ ਪਰ ਉਨ੍ਹਾਂ ਦੀ ਆਵਾਜਾਂ ਹਮੇਸਾਂ ਲਈ ਗੂੰਜਦੀਆਂ ਰਹਿਗੀਆਂ ।ਅੱਜ 8 ਮਾਰਚ ਨੂੰ ਪਿੰਡ ਦੁੱਗਰੀ (ਲੁਧਿਆਣਾ) ਵਿਖੇ ਚਮਕੀਲੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ,ਬੇਟੀ ਅਮਨਦੀਪ ਕੌਰ ਤੇ ਬਲਤੇਜ ਸਰਾਂ ਵੱਲੋਂ ਇਸ ਗਾਇਕ ਜੋੜੀ ਦੀ 31ਵੀਂ ਬਰਸੀ ਮਨਾਈ ਜਾ ਰਹੀ ਹੈ ।

Also Read : Azad Soch Punjabi Epaper


ਮੇਜਰ ਸਿੰਘ ਜਖੇਪਲ- ਪਿੰਡ ਤੇ ਡਾਕ.ਜਖੇਪਲ,ਤਹਿਸੀਲ ਸੁਨਾਮ (ਸੰਗਰੂਰ) ਮੋਬਾਇਲ 94631-28483
Leave a Reply

Your email address will not be published. Required fields are marked *