ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-10-2025 ਅੰਗ 504

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-10-2025 ਅੰਗ 504

ਗੂਜਰੀ ਮਹਲਾ ੧

॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥ ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥ ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥ ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥ ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥ ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ੍ਹ ਗੁਰ ਕੀ ਦਾਤਿ ਨ ਭਾਈ ॥੪॥ ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥ ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥ ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥ ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥ ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥ ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥ ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥ ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥

ਅਰਥ: ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ।੧।ਰਹਾਉ। ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀ ਨੀਵੀਂ ਜਾਤਿ ਦੇ ਹਾਂ। ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ।੧। (ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤਿ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ।੨। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਨਾਹ ਘਰ ਵਿਚ ਨਾਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ। (ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖ਼ਸ਼ਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖ਼ਸ਼ਸ਼ਾਂ ਵੇਖ ਕੇ) ਖਿੱਝੇ, ਤਾਂ ਭੀ ਪਰਮਾਤਮਾ ਆਪਣੀ ਬਖ਼ਸ਼ਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵਧਦੀ ਹੈ।੩। ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤਿ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤਿ ਦਿਵਾਈ ਹੁੰਦੀ ਹੈ। ਜਿਨ੍ਹਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤਿ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿੱਸਦੇ ਹਨ)।੪। ਹੇ ਭਾਈ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ। ਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ, ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ।੫। ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ) ਸਦਾ ਦਇਆ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ, ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ,। ਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤਿ ਵਿਚ ਭੀ ਇਹੀ ਬਰਕਤਿ ਹੈ।੬। ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ। ਸਾਧ ਸੰਗਤਿ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੭। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਅਪਹੁੰਚ ਹੈਂ। ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀ ਸਾਰੇ ਜੀਵ ਪੰਛੀ ਹਾਂ। ਹੇ ਨਿਰੰਜਨ ਪ੍ਰਭੂ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖ਼ਸ਼, ਤਾ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੮।੪।

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Advertisement

Latest News

ਦਿੱਲੀ ਦੇ IGI ਹਵਾਈ ਅੱਡੇ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਆਈ ਤਕਨੀਕੀ ਖਰਾਬੀ ਨੂੰ ਹਾਲ ਹੀ ਵਿੱਚ ਠੀਕ ਕਰ ਲਿਆ ਗਿਆ ਹੈ ਦਿੱਲੀ ਦੇ IGI ਹਵਾਈ ਅੱਡੇ ਦਾ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਆਈ ਤਕਨੀਕੀ ਖਰਾਬੀ ਨੂੰ ਹਾਲ ਹੀ ਵਿੱਚ ਠੀਕ ਕਰ ਲਿਆ ਗਿਆ ਹੈ
New Delhi,09,NOV,2025,(Azad Soch News):- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ਦਾ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਵਿੱਚ ਆਈ...
ਸੈਮਸੰਗ ਆਪਣੇ ਪਹਿਲੇ ਟ੍ਰਿਪਲ-ਫੋਲਡ ਸਮਾਰਟਫੋਨ ਨੂੰ 2025 ਦੇ ਅਖੀਰ ਵਿੱਚ ਲਾਂਚ ਕਰਨ ਵਾਲਾ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 09-11-2025 ਅੰਗ 653
ਵਿਧਾਇਕ ਜਿੰਪਾ 10 ਨਵੰਬਰ ਨੂੰ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ’ਚ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ
ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਪਿੰਡ ਰੱਤਾਟਿੱਬਾ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਸਬੰਧੀ ਸੈਂਕਸ਼ਨ ਪੱਤਰ ਤਕਸੀਮ ਕੀਤੇ
ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਵਰਤੀ ਜਾ ਰਹੀ ਹੈ ਵਿਸ਼ੇਸ਼ ਚੌਕਸੀ