ਕਣਕ ਦੀ ਫਸਲ ਲਈ ਖਾਦਾਂ ਦੇ ਕੀਤੇ ਜਾ ਰਹੇ ਨੇ ਪੁਖਤਾ ਪ੍ਰਬੰਧ—ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 31 ਅਕਤੂਬਰ:
ਡਾਇਰੈਕਟਰ ਖੇਤੀਬਾੜੀ, ਪੰਜਾਬ ਡਾ. ਜ਼ਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਹਰਵਿੰਦਰ ਸਿੰਘ ਸਿੱਧੂ ਨੇ ਟੀ.ਐਸ.ਪੀ. ਦੇ ਰੈਕ ਦੀ ਵੰਡ ਦੀ ਚੈਕਿੰਗ ਕੀਤੀ ਅਤੇ ਖਾਦਾਂ ਦੀ ਵੰਡ ਸਹੀ ਢੰਗ ਨਾਲ ਕਰਵਾਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮਾਨਸਾ ਜਿ਼ਲ੍ਹੇ ਵਿੱਚ 1,71,000 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ ਜਿਸ ਲਈ 23,741 ਮੀਟਰਿਕ ਟਨ ਫਾਸਫੋਰਸ ਖਾਦ ਦੀ ਲੋੜ ਹੈ ਜਿਸ ਵਿੱਚੋਂ 11,000 ਮੀਟਰਿਕ ਟਨ ਖਾਦ ਮਾਨਸਾ ਵਿੱਚ ਆ ਚੁੱਕੀ ਹੈ। ਇਸ ਤੋਂ ਇਲਾਵਾ ਫਾਸਫੋਰਸ ਦੇ ਬਦਲਵੇਂ ਪ੍ਰਬੰਧ ਵਜੋਂ ਟੀ.ਐਸ.ਪੀ. ਖਾਦ ਜਿਸ ਵਿੰਚ 46 ਫ਼ੀਸਦੀ ਫਾਸਫੋਰਸ ਹੁੰਦੀ ਹੈ ਉਹ ਖਾਦ ਹੁਣ 3900 ਮੀਟਰਿਕ ਟਨ ਆ ਚੁੱਕੀ ਹੈ।ਇਸ ਤੋਂ ਇਲਾਵਾ 9100 ਮੀਟਰਿਕ ਟਨ ਡੀ.ਏ.ਪੀ. ਖਾਦ ਦੇ ਰੈਕ ਅਗਲੇ 10 ਦਿਨਾ ਵਿੱਚ ਆ ਜਾਣਗੇ।
ਮੁੱਖ ਖੇਤੀਬਾੜੀ ਅਫਸਰ, ਮਾਨਸਾ ਨੇ ਕਿਸਾਨਾਂ ਨੂੰ ਕਿਹਾ ਕਿ ਮਾਨਸਾ ਜਿ਼ਲ੍ਹੇ ਵਿੱਚ ਡੀ.ਏ.ਪੀ. ਦੀ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮੱਗਰੀ ਦੀ ਖਰੀਦ ਪੱਕੇ ਬਿੱਲ ਉਪਰ ਕਰਨ ਅਤੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਨਾਲ ਕਿਸੇ ਪ੍ਰਕਾਰ ਦੀ ਟੈਗਿੰਗ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਵੀ ਮਾਨਸਾ ਜਿ਼ਲ੍ਹੇ ਵਿੱਚ ਕੋਈ ਘਾਟ ਨਹੀਂ ਹੈ।
ਇਸ ਮੌਕੇ ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਤੋਂ ਇਲਾਵਾ ਪਵਨ ਕੁਮਾਰ ਮੁੱਖ ਖਾਦ ਵਿਕਰੇਤਾ ਅਤੇ ਕਿਸਾਨ ਹਾਜ਼ਰ ਸਨ।


