ਨਸ਼ਿਆਂ ਦੇ ਦੁਰਪ੍ਰਭਾਵਾਂ ਤੋਂ ਜਾਗਰੂਕ ਹੁੰਦਿਆਂ ਮਰੀਜ ਨਸ਼ਾ ਛੱਡਣ ਲਈ ਪਹੁੰਚੇ ਓਟ ਕਲੀਨਿਕਾਂ ਵਿਚ-ਡਿਪਟੀ ਕਮਿਸ਼ਨਰ
ਫਾਜਿ਼ਲਕਾ, 9 ਅਗਸਤ
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੇ ਮਦੇਨਜਰ ਪਹਿਲਾਂ ਦੇ ਮੁਕਾਬਲੇ ਵਧੇਰੇ ਲੋਕ ਨਸ਼ਾ ਛੱਡਨ ਲਈ ਓਟ ਕਲੀਨਿਕਾਂ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਜਿ਼ਲਕਾ ਅਤੇ ਅਬੋਹਰ ਵਿਖੇ ਦੋ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ। ਇਸ ਤੋਂ ਇਲਾਵਾ 6 ਓਟ ਕਲੀਨਿਕ ਸੈਂਟਰ ਜੋ ਕਿ ਮੁੜ ਵਸੇਬਾ ਕੇਂਦਰ ਜੱਟ ਵਾਲੀ (ਫਾਜਿ਼ਲਕਾ), ਸਿਵਲ ਹਸਪਤਾਲ ਅਬੋਹਰ ਅਤੇ ਜਲਾਲਾਬਾਦ, ਸੀਐਚਸੀ ਖੂਈਖੇੜਾ, ਡੱਬਵਾਲਾ ਕਲਾਂ ਅਤੇ ਸੀਤੋਗੁਨੋ ਵਿਖੇ ਚੱਲ ਰਹੇ ਹਨ।
ਉਨ੍ਹਾਂ ਨਸ਼ੇ ਤੋਂ ਪੀੜਿਤਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤੀ ਕੇਂਦਰਾਂ ਜਾਂ ਓਟ ਕਲੀਨਿਕਾਂ ਵਿਖੇ ਪਹੁੰਚ ਕਰਨ ਤੇ ਆਪਣਾ ਇਲਾਜ ਕਰਵਾਉਣ ਤੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਦੁਰਪ੍ਰਭਾਵਾਂ ਤੋਂ ਜਾਗਰੂਕ ਹੁੰਦਿਆਂ ਪੀੜਤ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਇਲਾਜ ਕਰਵਾਉਣ ਨੁੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਹਤ ਵਿਭਾਗ ਅਤੇ ਸਿਖਿਆ ਵਿਭਾਗ ਵੱਲੋ ਲਗਾਤਾਰ ਜਾਗਰੂਕਤਾ ਫੈਲਾ ਕੇ ਲੋਕਾਂ ਨੁੰ ਨਸ਼ੇ ਤੋਂ ਦੂਰ ਰਹਿਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਓਟ ਕਲੀਨਿਕ ਸੈਂਟਰਾਂ ਵਿਚ ਮਰੀਜਾਂ ਦੀ ਗਿਣਤੀ *ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰਾਂ ਵਿਖੇ ਨਸ਼ੇ ਤੋਂ ਪੀੜਤਾਂ ਲਈ ਇਲਾਜ ਬਿਲਕੁਲ ਮੁਫਤ ਹੈ ਤੇ ਮਾਹਰਾਂ ਦੇ ਅਧੀਨ ਹੀ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨਸ਼ੇ ਤੋਂ ਪੀੜਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਨੂੰ ਛੱਡਣ ਲਈ ਅੱਗੇ ਆਉਣ ਤੇ ਓਟ ਕਲੀਨਿਕ ਸੈਂਟਰਾਂ ਵਿਚ ਪਹੁੰਚ ਕਰਕੇ ਆਪਦਾ ਇਲਾਜ ਕਰਵਾਉਣ । ਉਨ੍ਹਾਂ ਕਿਹਾ ਕਿ ਆਪਣਾ ਇਲਾਜ ਕਰਵਾਉਣ ਵਾਲੇ ਮਰੀਜਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।