ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਖੁਰਾਕੀ ਤੱਤ,ਜੀਵ ਜੰਤੂ ਅਤੇ ਪੌਦੇ ਨਸ਼ਟ ਹੋ ਜਾਂਦੇ ਹਨ: ਮੁੱਖ ਖੇਤੀਬਾੜੀ ਅਫਸਰ
ਫਰੀਦਕੋਟ: 18 ਸਤੰਬਰ 2024 ( ) ਸਾਲ 2024 ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਡਿਪਟੀ ਕਮਿਸ਼ਨਰ ਸ਼਼੍ਰੀ ਵਿਨੀਤ ਕੁਮਾਰ ਦੀ ਅਗਵਾਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਪੱਕਾ ਵਿੱਚ ਪਿੰਡ ਪੱਧਰੀ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੇ ਕੀਤੀ। ਕੈਂਪ ਵਿੱਚ ਤਹਿਸੀਲਦਾਰ ਰਣਵੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਜ਼ਿਲਾ ਫਰੀਦਕੋਟ ਵਿੱਚ ਸਾਲ 2023-24 ਦੌਰਾਨ 2022 ਝੋਨੇ ਦੀ ਪਰਾਲੀ ਨੂੰ ਅੱਗ ਦੇ ਵਾਕਿਆ ਦਰਜ ਕੀਤੇ ਗਏ ਸਨ ਅਤੇ 30 ਪਿੰਡ ਅਜਿਹੇ ਹਨ ,ਜਿੰਨਾਂ ਵਿੱਚ 20 ਜਾਂ 20 ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਿੰਨਾਂ ਨੂੰ ਹਾਟ ਸਪਾਟ ਪਿੰਡ ਐਲਾਨਿਆ ਗਿਆ ਹੈ । ਹਾਟ ਸਪਾਟ ਪਿੰਡ ਪੱਕਾ ਵਿੱਚ 29 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਜ਼ਿਲਾ ਪ੍ਰਸ਼ਾਸ਼ਨ ਵੱਲੋਂ ਅਜਿਹੇ ਪਿੰਡਾਂ ਵਿੱਚ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਰਾਲੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਕੇ ਹੱਲ ਕੀਤਾ ਜਾ ਸਕੇ ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਹੈਪੀਸੀਡਰ,ਸਮਾਰਟ ਸੀਡਰ,ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਵਿੱਚ ਪਈ ਪਰਾਲੀ ਢੱਕਣੇ ਦਾ ਕੰਮ ਕਰਦੀ ਹੈ ,ਨਦੀਨ ਵੀ ਘੱਟ ਉੱਗਦੇ ਹਨ ਅਤੇ ਮਿੱਟੀ ਵਿੱਚ ਨਮੀ ਸੰਭਾਲ ਕੇ ਰੱਖਣ ਦੀ ਸਮਰੱਥਾ ਵਧਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਨਾਲ ਪ੍ਰਤੀ ਏਕੜ 1000 ਕਿਲੋ ਜੈਵਿਕ ਕਾਰਬਨ,14 ਕਿਲੋ ਨਾਈਟਰੋਜਨ,6 ਕਿਲੋ ਫਾਸਫੋਰਸ,63 ਕਿਲੋ ਪੋਟਾਸ਼,4 ਕਿਲੋ ਸਲਫਰ ਅਤੇ ਹੋਰ ਲਘੂ ਖੁਰਾਕੀ ਤੱਤ ਜ਼ਮੀਨ ਨੂੰ ਮਿਲ ਜਾਂਦੇ ਹਨ ਜਿਸ ਨਾਲ ਮਿੱਟੀ ਦੀ ਸਿਹਤ ਸੁਧਾਰਨ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਮੀਨ ਨੂੰ ਖੁਰਾਕੀ ਤੱਤਾਂ ਦੀ ਬਾਜ਼ਾਰੀ ਕੀਮਤ ਤਕਰੀਬਨ 6000 ਪ੍ਰਤੀ ਏਕੜ ਬਣਦੀ ਹੈ। ਮਿੱਟੀ ਵਿਚਲੇ ਸੂਖਮ ਜੀਵਾਂ ਦੀ ਮਾਤਰਾ ਵਧਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਸਬਿਸਿਡੀ ਤੇ ਮੁਹੱਈਆ ਕਰਵਾਉਣ ਲਈ ਆਨਲਾਈਨ ਪੋਰਟਲ 19 ਸਤੰਬਰ ਤੱਕ ਖੋਲਿਆ ਗਿਆ ਹੈ ਜਿਸ ਤੇ ਕੋਈ ਕਿਸਾਨ, ਸਹਿਕਾਰੀ ਸਭਾ ਜਾਂ ਕਿਸਾਨਾਂ ਦਾ ਸਮੂਹ ਆਪਣੀ ਅਰਜ਼ੀ ਜਮਾਂ ਕਰਵਾ ਸਕਦਾ ਹੈ।
ਤਹਿਸੀਲਦਾਰ ਰਣਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਲਈ ਚਲਾਈ ਮੁਹਿੰਮ ਵਿੱਚ ਸਹਿਯੋਗ ਕਰਦਿਆਂ ਝੋਨੇ ਦੀ ਪਰਾਲੀ ਨੁੰ ਅੱਗ ਨਾ ਲਗਾਈ ਜਾਵੇ ਤਾਂ ਜੋ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਤਰ੍ਹਾਂ ਦੀ ਸਖਤਾਈ ਤੋਂ ਬਚਿਆ ਜਾ ਸਕੇ।
ਕਿਸਾਨ ਆਗੂ ਤੇਜਾ ਸਿੰਘ ਨੇ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸੰਭਾਲਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ,ਕੱਚੇ ਰਸਤੇ ਭੀੜੇ ਹੋਣ ,ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਪਰਾਲ਼ੀ ਦੀਆਂ ਗੱਠਾਂ ਦੀ ਢੋਆ ਢੁਆਈ ਕਰਨ ਵਾਲੇ ਟਰਾਲਿਆਂ ਨੂੰ ਬਹਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਸੁਧਾਰਨ ਦੀ ਜ਼ਰੂਰਤ ਹੈ।
ਡਾ.ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਵੱਖ-ਵੱਖ ਫਸਲਾਂ ਦੀ ਬਿਜਾਈ ਕਰਨ ਲਈ ਜ਼ਰੂਰਤ ਅਨੁਸਾਰ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਤੋਂ ਬਗੈਰ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਭਾਸ਼ ਚੰਦਰ, ਡਾ.ਦਵਿੰਦਰਪਾਲ ਸਿੰਘ ਗਰੇਵਾਲ,ਡਾ.ਸੁਖਦੀਪ ਸਿੰਘ ,ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਪ੍ਰਧਾਨ ਤੇਜਾ ਸਿੰਘ,ਸੁਖਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।