ਪੁਰਾਣੀਆਂ ਤੇ ਘਾਤਕ ਬਿਮਾਰੀਆਂ ਤੋਂ ਮੁਕਤੀ ਲਈ ਰਾਮਬਾਣ ਸਿੱਧ ਹੋ ਰਹੀ ਸੀ ਐਮ ਦੀ ਯੋਗਸ਼ਾਲਾ
ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 1 ਅਕਤੂਬਰ, 2024:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਚਲਾਈ ਸੀ ਐਮ ਦੀ ਯੋਗਸ਼ਾਲਾ ਹੁਣ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਲੱਗੀ ਹੈ। ਯੋਗਾ ਕਲਾਸਾਂ ’ਚ ਲੋਕਾਂ ਦੀ ਵਧਦੀ ਮੈਂਬਰਸ਼ਿੱਪ ਅਤੇ ਲੋਕਾਂ ਨੂੰ ਮਿਲ ਰਹੀ ਪੁਰਾਣੀਆਂ ਅਤੇ ਘਾਤਕ ਬਿਮਾਰੀਆਂ ਤੋਂ ਰਾਹਤ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਦੱਸ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਾਸਤੇ ਮਾਹਿਰ ਯੋਗਾ ਟ੍ਰੇਨਰ ਲਾਏ ਗਏ ਹਨ ਜੋ ਯੋਗਾ ਵਿੱਚ ਘੱਟੋ-ਘੱਟ ਪੀ ਜੀ ਡਿਪਲੋਮਾ/ ਡਿਗਰੀ ਹੋਲਡਰ ਹਨ। ਇੱਕ ਟ੍ਰੇਨਰ ਨੂੰ ਦਿਨ ’ਚ ਇੱਕ-ਇੱਕ ਘੰਟੇ ਦੀ ਮਿਆਦ ਦੀਆਂ 6-6 ਕਲਾਸਾਂ ਦਿੱਤੀਆਂ ਜਾਂਦੀਆਂ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਦੇ ਬਚਪਨ ਸਕੂਲ ਪਾਰਕ (ਸਵੇਰ ਤੇ ਸ਼ਾਮ ਦੀਆਂ ਦੋ ਕਲਾਸਾਂ), ਟਿਊਬਵੈਲ ਪਾਰਕ ਜਰਨੈਲ ਐਨਕਲੇਵ-1, ਸ੍ਰੀ ਚਰਨ ਕਮਲ ਸਾਹਿਬ ਗੁਰਦੁਆਰਾ, ਸੰਤ ਨਿਰੰਕਾਰੀ ਭਵਨ, ਜਰਨੈਲ ਦੌਲਤ ਸਿੰਘ ਪਾਰਕ ਭਬਾਤ ਵਿਖੇ ਯੋਗਾ ਕਲਾਸਾਂ ਲੈ ਰਹੀ ਯੋਗਾ ਟ੍ਰੇਨਰ ਸ਼ੀਤਲ ਚੰਡੀਗੜ੍ਹ ਦੇ ਸੈਕਟਰ 23 ਦੇ ਕਲਾਜ ਤੋਂ ਯੋਗਾ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਹੋਲਡਰ ਹੋਣ ਤੋਂ ਬਾਅਦ ਹੁਣ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਵੀ ਨਾਲੋ-ਨਾਲ ਕਰ ਰਹੀ ਹੈ। ਉਸ ਕੋਲ ਯੋਗਾ ਸਿੱਖਣ ਆ ਰਹੇ ਲੋਕ ਆਪਣੀ ਜੀਵਨ ਸ਼ੈਲੀ ’ਚ ਵੱਡਾ ਬਦਲਾਅ ਮਹਿਸੂਸ ਕਰ ਰਹੇ ਹਨ।
ਸ਼ੀਤਲ ਅਨੁਸਾਰ ਉਸ ਕੋਲ 150 ਤੋਂ ਵਧੇਰੇ ਭਾਗੀਦਾਰ ਰੋਜ਼ਾਨਾ ਲਾਈਆਂ ਜਾ ਰਹੀਆਂ 6 ਯੋਗਾ ਕਲਾਸਾਂ ’ਚ ਆਉਂਦੇ ਹਨ, ਜਿਨ੍ਹਾਂ ’ਚੋਂ ਦੋ ਕੇਸਾਂ ਦਾ ਜ਼ਿਕਰ ਕਰਨਾ ਉਹ ਬਹੁਤ ਜ਼ਰੂਰੀ ਸਮਝਦੀ ਹੈ। ਇਨ੍ਹਾਂ ’ਚੋਂ ਇੱਕ ਮਹਿਲਾ ਨੂੰ ਯੋਗਾ ਤੋਂ ਬਾਅਦ ਛਾਤੀ ਦੇ ਕੈਂਸਰ ਜਿਹੀ ਸਮੱਸਿਆ ਤੋਂ ਰਾਹਤ ਮਿਲੀ ਹੈ ਜਦਕਿ ਇੱਕ ਹੋਰ ਮਹਿਲਾ ਨੂੰ ਬ੍ਰੇਨ ਦੀ ਟਿਊਮਰ ਵਰਗੀ ਬਿਮਾਰੀ ਤੋਂ ਰਾਹਤ ਮਹਿਸੂਸ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਹ ਖੁਦ ਇਨ੍ਹਾਂ ਦੋਵਾਂ ਨੂੰ ਯੋਗਾ ਤੋਂ ਮਿਲੇ ਇਸ ਕਦਰ ਲਾਭ ਨੂੰ ਵੱਡਾ ਕ੍ਰਿਸ਼ਮਾ ਮੰਨਦੀ ਹੈ।
ਇਸ ਤੋਂ ਇਲਾਵਾ ਸਰਵਾਇਕਲ ਦੇ ਦਰਦ, ਸ਼ੂਗਰ, ਬੀ ਪੀ ਦੀ ਸਮੱਸਿਆ, ਜੋੜਾਂ ਤੇ ਗੋਡਿਆਂ ਦੇ ਦਰਦ ਤੇ ਮੋਟਾਪੇ ਨਾਲ ਜੂਝਦੇ ਲੋਕ ਆਪਣੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਹਫ਼ਤੇ ’ਚ 6 ਦਿਨ ਕਲਾਸਾਂ ਲਾਈਆਂ ਜਾਂਦੀਆਂ ਹਨ ਅਤੇ ਛੁੱਟੀ ਦੇ ਦਿਨ ਉਨ੍ਹਾਂ ਨੂੰ ਘਰ ’ਚ ਆਪਣੇ ਆਪ ਇਸ ਅਭਿਆਸ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਯੋਗਾ ਅਤੇ ਮੈਡੀਟੇਸ਼ਨ ਸਰੀਰ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੇ ਹਨ, ਇਸ ਲਈ ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸ ’ਚ ਆਉਣ ਵਾਲਿਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ।