ਪੰਜਾਬ ਸਰਕਾਰ ਸੂਬੇ ਨੂੰ ਸੈਰ-ਸਪਾਟਾ ਕੇਂਦਰ ਬਣਾਉਣ ਲਈ ਵਚਨਬੱਧ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
By Azad Soch
On
ਚੰਡੀਗੜ੍ਹ, 5 ਸਤੰਬਰ:
ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਇਨਵੈਸਟ ਪੰਜਾਬ ਅਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਕਰਵਾਏ ਗਏ ‘ਨਿਵੇਸ਼ਕ ਸੰਮੇਲਨ’ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇੱਥੇ ਸੂਬੇ ਦੇ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਸੇ ਨੂੰ ਦਰਸਾਉਂਦੀਆਂ ਮੁਗਲ, ਸਿੱਖ ਅਤੇ ਬ੍ਰਿਟਿਸ਼ ਕਾਲ ਦੀਆਂ ਇਮਾਰਤਾਂ ਹਨ, ਜੋ ਸਮੁੱਚੀ ਲੋਕਾਈ ਲਈ ਖਿੱਚ ਦਾ ਕੇਂਦਰ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਰ-ਸਪਾਟੇ ਦੇ ਖੇਤਰ ਵਿੱਚ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਉਣ ਲਈ ਬਹੁਤ ਉਤਸੁਕ ਹਨ ਅਤੇ ਇਸ ਮਾਮਲੇ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ।
ਇਸ ਤੋਂ ਪਹਿਲਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੈਰ-ਸਪਾਟਾ ਖੇਤਰ ਦੀਆਂ ਜਾਇਦਾਦਾਂ ਅਤੇ ਅਸਾਸਿਆਂ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਹਮੇਸ਼ਾ ਸੁਹਿਰਦਤਾ ਨਾਲ ਤਿਆਰ ਹੈ। ਮੰਤਰੀ ਨੇ ਨਿਵੇਸ਼ਕਾਂ ਨੂੰ ਸੈਰ- ਸਪਾਟੇ ਦੇ ਖੇਤਰ ਵਿੱਚ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ । ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਈਕੋ-ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਵਾਟਰ ਟੂਰਿਜ਼ਮ ਅਤੇ ਵੈੱਲਨੈੱਸ ਟੂਰਿਜ਼ਮ ਉੱਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਵੀ ਪੰਜਾਬ ਨੂੰ ਹੋਰ ਪ੍ਰਫੁੱਲਿਤ ਕਰਨ ਦੀਆਂ ਭਰਪੂਰ ਸੰਭਾਵਨਾਵਾਂ ਹਨ । ਮੰਤਰੀ ਨੇ ਨਿਵੇਸ਼ਕਾਂ ਨੂੰ ਸੂਬਾ ਸਰਕਾਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਕਿਉਂਕਿ ਇਨਵੈਸਟ ਪੰਜਾਬ ਇੱਕ ਅਜਿਹਾ ਮੰਚ ਹੈ ਜਿੱਥੇ ਸੂਬੇ ਵਿੱਚ ਉੱਦਮ ਸਥਾਪਤ ਕਰਨ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਰਣਜੀਤ ਸਾਗਰ ਝੀਲ ਨੂੰ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰਾਜੈਕਟ ਵਜੋਂ ਸੂਚੀਬੱਧ ਕਰਦਿਆਂ ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਸੈਰ ਸਪਾਟਾ ਖੇਤਰ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਏਗੀ। ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਰਾਜ ਸਰਕਾਰ ਦੀ ਸੁਹਿਰਦ ਤੇ ਸਮਰਪਿਤ ਪਹੁੰਚ ਦੇ ਸਬੂਤ ਵਜੋਂ ਪਿਛਲੇ ਸਾਲ ਕਰਵਾਏ ਸਫਲ ਸੈਰ ਸਪਾਟਾ ਸੰਮੇਲਨ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਿਵੇਸ਼ਕ ਅਤੇ ਉਦਯੋਗ ਪੱਖੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ।
ਇਸ ਮੌਕੇ ਕਈ ਵਿਰਾਸਤੀ ਇਮਾਰਤਾਂ ਜਿਵੇਂ ਕਿ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ , ਸੰਗਰੂਰ ਕੋਠੀ, ਆਮ ਖਾਸ ਬਾਗ ਸਰਹਿੰਦ, ਰੂਪਨਗਰ ਵਿੱਚ ਪਿੰਕਾਸ਼ੀਆ ਟੂਰਿਸਟ ਕੰਪਲੈਕਸ, ਕੁਲਾਰਾ ਟਾਪੂ (ਪਠਾਨਕੋਟ) ਦੇ ਵਿਕਾਸ ਨੂੰ ਦਰਸਾਉਂਦੀ ਪੇਸ਼ਕਾਰੀ ਵੀ ਨਿਵੇਸ਼ਕਾਂ ਨੂੰ ਦਿਖਾਈ ਗਈ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਵਧੀਕ ਮੁੱਖ ਸਕੱਤਰ (ਉਦਯੋਗ ਤੇ ਵਣਜ) ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ (ਵਿੱਤ) ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ (ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ) ਅਜੋਏ ਸ਼ਰਮਾ,, ਐਮ.ਡੀ., ਪੀ.ਆਈ.ਡੀ.ਬੀ. ਦੀਪਰਵਾ ਲਾਕਰਾ ਆਈ.ਏ.ਐਸ, ਸੀ.ਈ.ਓ. ਇਨਵੈਸਟ ਪੰਜਾਬ ਸ਼੍ਰੀ ਡੀ.ਪੀ.ਐਸ.ਖਰਬੰਦਾ, ਕੰਜ਼ਰਵੇਟਰ (ਜੰਗਲਾਤ) ਸ੍ਰੀ ਸੰਜੀਵ ਤਿਵਾੜੀ, ਡਾਇਰੈਕਟਰ (ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਏ.ਐਮ.ਡੀ., ਪੀ.ਆਈ.ਡੀ.ਬੀ. ਸ੍ਰੀ ਯਸ਼ਨਜੀਤ ਸਿੰਘ ਸ਼ਾਮਿਲ ਸਨ।
Tags:
Related Posts
Latest News
ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
04 Oct 2024 21:13:25
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...