ਨਸ਼ਿਆਂ ਦੇ ਮੁਕੰਮਲ ਖਾਤਮੇ ਲਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਵੇ: ਮੀਤ ਹੇਅਰ
ਮਾਨਸਾ, 27 ਅਕਤੂਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ ਪਰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਂਝੇ ਯਤਨ ਕਰਕੇ ਲੋਕ ਲਹਿਰ ਬਣਾਉਣ ਦੀ ਲੋੜ ਹੈ, ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਬੱਚਤ ਭਵਨ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ, ਜਿਸ ਵਿਚ ਮੁਹਿੰਮ ਦੇ ਕੋਆਰਡੀਨੇਟਰਜ਼ ਅਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵੱਖ ਵੱਖ ਕੋਆਰਡੀਨੇਟਰਜ਼ ਲਾਉਣ ਤੋਂ ਇਲਾਵਾ ਪਿੰਡ ਅਤੇ ਸ਼ਹਿਰ ਪੱਧਰ 'ਤੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ ਲਾਏ ਗਏ ਹਨ ਤਾਂ ਜੋ ਹਰ ਸਰਗਰਮ ਨਾਗਰਿਕ ਦੀ ਇਸ ਮੁਹਿੰਮ ਵਿਚ ਭਾਗੀਦਾਰੀ ਹੋਵੇ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਬਿਨਾਂ ਪੱਖਪਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਮੀਡੀਆ ਨਾਲ ਗੱਲ ਕਰਦਿਆਂ ਓਨ੍ਹਾਂ ਕਿਹਾ ਮੈਡੀਕਲ ਸਟੋਰਾਂ 'ਤੇ ਮਿਲਦੇ ਕੁਝ ਕੈਪਸੂਲਾਂ ਨੂੰ ਨਸ਼ੇ ਵਜੋਂ ਵਰਤਣ ਦੇ ਮਾਮਲੇ ਵਿਚ ਐਨ ਡੀ ਪੀ ਐੱਸ ਤਹਿਤ ਕਾਰਵਾਈ ਅਧੀਨ ਲਿਆਉਣ ਦਾ ਮੁੱਦਾ ਉਹ ਸੰਸਦ ਵਿਚ ਚੁੱਕਣਗੇ, ਕਿਉਂਕਿ ਇਹ ਕੇਂਦਰ ਸਰਕਾਰ ਦੇ ਹੱਥ ਹੈ।
ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸ ਐੱਸ ਪੀ ਭਾਗੀਰਥ ਮੀਨਾ ਵਲੋਂ ਮੁਹਿੰਮ ਦੇ ਕੋਆਰਡੀਨੇਟਰਾਂ ਨੂੰ ਪਛਾਣ ਪੱਤਰ ਅਤੇ ਬੁੱਕਲੈਟ ਦਿੱਤੇ ਗਏ।
ਇਸ ਮੌਕੇ ਸੰਬੋਧਨ ਕਰਦੇ ਹੋਏ ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਵੈਸਟ ਦੇ ਕੋਆਰਡੀਨੇਟਰ ਚੁਸ਼ਪਿੰਦਰਬੀਰ ਚਹਿਲ ਨੇ ਦੱਸਿਆ ਕਿ ਪਿਛਲੇ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਸਫਲਤਾ ਨਾਲ ਨਸ਼ਾ ਮੁਕਤੀ ਯਾਤਰਾਵਾਂ ਪਿੰਡ-ਪਿੰਡ, ਵਾਰਡ-ਵਾਰਡ ਕੀਤੀਆਂ ਗਈਆਂ ਹਨ, ਜਿਸ ਵਿਚ ਸ਼ਾਮਲ ਹਰ ਅਫ਼ਸਰ, ਹਰ ਅਹੁਦੇਦਾਰ ਨੇ ਬਾਖੂਬੀ ਭੂਮਿਕਾ ਨਿਭਾਈ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਵਿਚ ਹਲਕਾ/ ਸਬ-ਡਿਵੀਜ਼ਨ ਪੱਧਰ 'ਤੇ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਸੇਫ ਪੰਜਾਬ ਮੋਬਾਈਲ ਐਪ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਬ-ਡਿਵੀਜ਼ਨ ਪੱਧਰ 'ਤੇ ਸਿਖਲਾਈ ਲਈ ਐੱਸ ਓ ਪੀ, ਲੋੜੀਂਦੀ ਸਮੱਗਰੀ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਓਨ੍ਹਾਂ ਕਿਹਾ ਕਿ ਇਹ ਅਹੁਦੇਦਾਰ ਅਤੇ ਕਮੇਟੀਆਂ ਨਸ਼ਾ ਵੇਚਣ ਵਾਲਿਆਂ 'ਤੇ ਵੀ ਨਜ਼ਰ ਰੱਖਣਗੀਆਂ ਅਤੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡਾਂ/ ਸ਼ਹਿਰਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਗਈਆਂ ਹਨ। ਇਸ ਮੁਹਿੰਮ ਨੂੰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ, ਬਲਾਕ ਅਤੇ ਹਲਕਾ ਪੱਧਰ 'ਤੇ ਕੋਆਰਡੀਨੇਟਰ ਲਾਏ ਗਏ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀਲੇਜ ਡਿਫੈਂਸ ਕਮੇਟੀਆਂ (VDC) ਅਤੇ ਵਾਰਡ ਡਿਫੈਂਸ ਕਮੇਟੀਆਂ (WDC) ਬਣਾਈਆਂ ਗਈਆਂ ਹਨ। ਓਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੁਹਿੰਮ ਨਾਲ ਜੁੜੇ ਸਾਰੇ ਮੈਬਰਾਂ ਦੇ ਨਾਲ ਖੜ੍ਹਾ ਹੈ, ਓਨ੍ਹਾਂ ਸੱਦਾ ਦਿੱਤਾ ਕਿ ਤੁਸੀ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿਓ ਤਾਂ ਜੋ ਅਸੀਂ ਸਾਂਝੇ ਹੰਭਲੇ ਨਾਲ ਮੁਹਿੰਮ ਨੂੰ ਸਫ਼ਲ ਬਣਾ ਸਕੀਏ।
ਇਸ ਮੌਕੇ ਐੱਸ ਐੱਸ ਪੀ ਸ੍ਰੀ ਭਾਗੀਰਥ ਮੀਨਾ ਨੇ ਦੱਸਿਆ ਕਿ 9779100200 ਸੇਫ ਪੰਜਾਬ ਚੈਟਬੌਟ ਉੱਤੇ ਨਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਓਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ 01 ਮਾਰਚ 2025 ਤੋਂ 26 ਅਕਤੂਬਰ 2025 ਤੱਕ ਐਨ.ਡੀ.ਪੀ.ਐਸ. ਐਕਟ ਤਹਿਤ 707 ਕੇਸ ਰਜਿਸਟਰ ਕਰਕੇ 1051 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 6.369 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਗੁਰਲੀਨ ਕੌਰ (ਅੰਡਰ ਟ੍ਰੇਨਿੰਗ ਆਈ ਏ ਐੱਸ), ਐਸ.ਪੀ ਮਨਮੋਹਨ ਸਿੰਘ ਔਲਖ, ਐੱਸ ਪੀ ਪਰਦੀਪ ਸਿੰਘ ਸੰਧੂ, ਐੱਸ ਡੀ ਐਮ ਮਾਨਸਾ ਕਾਲਾ ਰਾਮ ਕਾਂਸਲ, ਐੱਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ, ਐੱਸ ਡੀ ਐਮ ਸਰਦੂਲਗੜ੍ਹ ਡਾ. ਅਜੀਤਪਾਲ ਸਿੰਘ ਚਹਿਲ, ਡੀ ਐੱਸ ਪੀਜ਼ ਅਤੇ ਹੋਰ ਪੁਲਿਸ ਅਧਿਕਾਰੀ, ਡੀਡੀਪੀਓ ਕਵਿਤਾ ਗਰਗ, ਸਿਵਲ ਸਰਜਨ ਡਾਕਟਰ ਹਰਿੰਦਰ ਕੁਮਾਰ ਸ਼ਰਮਾ, ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਜਿੰਦਰ ਸਿੰਘ ਜ਼ਾਫ਼ਰੀ, ਬਲਾਕ ਅਤੇ ਹਲਕਾ ਪੱਧਰ ਦੇ ਕੋਆਰਡੀਨੇਟਰ, ਹਲਕਾ ਇੰਚਾਰਜ ਤੇ ਹੋਰ ਅਹੁਦੇਦਾਰ ਮੌਜੂਦ ਸਨ।


