ਹੜਤਾਲ ਦੌਰਾਨ ਆਮ ਆਦਮੀ ਕਲੀਨਿਕਾਂ ਅਤੇ ਐਮਰਜੈਂਸੀ ਵਿਭਾਗਾਂ ਵਿਚ ਸਿਹਤ ਸੇਵਾਵਾਂ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਸਤੰਬਰ :
ਸਰਕਾਰੀ ਡਾਕਟਰਾਂ ਦੀ ਹੜਤਾਲ ਦੇ ਬਾਵਜੂਦ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਮਿਆਰੀ ਤੇ ਨਿਰਵਿਘਨ ਸਿਹਤ ਸੇਵਾਵਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਆਖਿਆ ਕਿ ਭਾਵੇਂ ਸਰਕਾਰੀ ਡਾਕਟਰਾਂ ਦੁਆਰਾ ਅਪਣੀਆਂ ਮੰਗਾਂ ਸਬੰਧੀ 9 ਸਤੰਬਰ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਅਤੇ ਓ.ਪੀ.ਡੀ. ਸੇਵਾਵਾਂ ਬੰਦ ਹਨ ਪਰ ਇਸ ਦੇ ਬਾਵਜੂਦ ਸਰਕਾਰੀ ਸਿਹਤ ਸੰਸਥਾਵਾਂ ਦੇ ਐਮਰਜੈਂਸੀ ਵਿਭਾਗਾਂ ਅਤੇ ਆਮ ਆਦਮੀ ਕਲੀਨਿਕਾਂ ਵਿਚ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਐਮਰਜੈਂਸੀ ਵਾਰਡਾਂ ਵਿਚ ਵੱਧ ਤੋਂ ਵੱਧ ਡਾਕਟਰਾਂ ਦੀ ਡਿਊਟੀ ਲਗਾ ਕੇ ਇਨ੍ਹਾਂ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿਚ ਪਹਿਲਾਂ ਵਾਂਗ ਹੀ ਮਿਆਰੀ ਸਿਹਤ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ ਅਤੇ ਚਾਲੂ ਹੜਤਾਲ ਦਾ ਉਨ੍ਹਾਂ ਵਿਚ ਦਿਤੀਆਂ ਜਾ ਰਹੀਆਂ ਸੇਵਾਵਾਂ ਉਤੇ ਕੋਈ ਅਸਰ ਨਹੀਂ ਕਿਉਂਕਿ ਆਮ ਆਦਮੀ ਕਲੀਨਿਕਾਂ ਦਾ ਸਮੁੱਚਾ ਸਟਾਫ਼ ਪਹਿਲਾਂ ਵਾਂਗ ਕਾਰਜਸ਼ੀਲ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦਾ ਹੈਲਪਲਾਈਨ ਨੰਬਰ 104 ਵੀ ਪਹਿਲਾਂ ਵਾਂਗ ਚੱਲ ਰਿਹਾ ਹੈ, ਜਿਸ ’ਤੇ ਸੰਪਰਕ ਕਰ ਕੇ ਕਿਸੇ ਵੀ ਬੀਮਾਰੀ ਸਬੰਧੀ ਮਾਹਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।