ਕ੍ਰਿਸ਼ੀ ਵਿਗਿਆਨ ਕੇਂਦਰ ਨੇ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਦਿੱਤੀ ਕਿੱਤਾਮੁਖੀ ਸਿਖਲਾਈ
ਹੁਸ਼ਿਆਰਪੁਰ, 4 ਨਵੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਲਗਾਇਆ ਗਿਆ।
ਉਦਘਾਟਨੀ ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਿਆਰੀ ਗੁੜ ਤੇ ਸ਼ੱਕਰ ਬਣਾਉਣ ਬਾਬਤ ਸਿਖਲਾਈਆਂ ਵੱਖ-ਵੱਖ ਕੇਂਦਰਾਂ ਵਿੱਚ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਵਧੀਆ ਗੁੜ ਤੇ ਸ਼ੱਕਰ ਤਿਆਰ ਕਰਨ ਸਬੰਧੀ ਗੰਨੇ ਦੀ ਫ਼ਸਲ ਵਿੱਚ ਸਿਫ਼ਾਰਸ਼ ਤਕਨੀਕਾਂ ਅਪਨਾਉਣ ਪ੍ਰਤੀ ਵੀ ਕਿਹਾ।
ਇਸ ਸਿਖਲਾਈ ਵਿੱਚ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਡਾ. ਅਜੈਬ ਸਿੰਘ ਨੇ ਵਧੀਆ ਗੁੜ ਦੇ ਉਤਪਾਦਨ ਅਤੇ ਪੈਕਿੰਗ ਬਾਬਤ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਨੇ ਵਧੀਆ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਵੱਖ-ਵੱਖ ਯੰਤਰਾਂ ਜਿਵੇਂ ਕਿ ਰਿਫ੍ਰੈਕਟੋਮੀਟਰ ਅਤੇ ਪੀ.ਐੱਚ. ਮੀਟਰ ਸਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਪੈਵੀ ਘੁਲਾੜੇ ਲੱਗਭਗ 70 ਫੀਸਦੀ ਰਸ ਕੱਢ ਲੈਂਦੇ ਹਨ, ਜਦ ਕਿ ਖੜਵੀ ਘੁਲਾੜੇ ਲੱਗਭਗ 60 ਫੀਸਦੀ ਰਸ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਵਰਤ ਲੈਣਾ ਚਾਹੀਦਾ ਹੈ।
ਸਿਖਲਾਈ ਦੌਰਾਨ ਪਿੰਡ ਬੁੱਗਰਾ ਵਿਖੇ ਅਗਾਂਹਵਧੂ, ਇਨਾਮ ਜੇਤੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਤਰਨਜੀਤ ਸਿੰਘ ਮਾਨ ਦੇ ਆਧੁਨਿਕ ਗੁੜ/ਸ਼ੱਕਰ ਬਨਾਉਣ ਵਾਲੀ ਇਕਾਈ ਦਾ ਸਿਖਲਾਈ ਦੌਰਾ ਵੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਵਧੀਆ ਗੁੜ ਤੇ ਸ਼ੱਕਰ ਬਣਾਉਣ ਦੇ ਅਮਲੀ ਨੁਕਤਿਆਂ ਬਾਰੇ ਦੱਸਿਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।


