ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵੱਲੋਂ ਟੈਕਸ ਵਸੂਲੀ ਤੋਂ ਵਧੇਰੇ ਮਾਲੀਆ ਪੈਦਾ ਕਰਨ ਲਈ ਸਾਰੀਆਂ ਖ਼ਾਮੀਆਂ ਤੇ ਸਖ਼ਤੀ ਨਾਲ ਕਾਬੂ ਪਾਉਣ ਦਾ ਆਦੇਸ਼
ਬਠਿੰਡਾ, 4 ਸਤੰਬਰ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹੋਰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਬਣਾਉਣ ਦੀ ਵਚਨਬੱਧਤਾ ਦੇ ਅਨੁਰੂਪ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ (ਆਬਕਰੀ ਤੇ ਕਰ ਵਿਭਾਗ ਪੰਜਾਬ, ਚੰਡੀਗੜ੍ਹ) ਦੇ ਚੇਅਰਮੈਨ ਅਨਿਲ ਠਾਕੁਰ ਨੇ ਜੀ ਐਸ ਟੀ, ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਟੈਕਸ ਵਸੂਲੀ ਵਿੱਚ ਮੌਜੂਦ ਖ਼ਾਮੀਆਂ ਨੂੰ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।
ਪੰਜਾਬ ਰਾਜ ਦੇ ਜੀ.ਐਸ.ਟੀ., ਮੋਬਾਈਲ ਵਿੰਗ ਅਤੇ ਆਬਕਾਰੀ ਮਾਮਲਿਆਂ ਸਬੰਧੀ ਮੀਟਿੰਗ ਦੀ ਅੱਜ ਮੋਹਾਲੀ ਵਿਖੇ ਕਮਿਸ਼ਨ ਦੇ ਦਫ਼ਤਰ ਵਿਖੇ ਪ੍ਰਧਾਨਗੀ ਕਰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਵਪਾਰੀਆਂ ਦੇ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਆਬਕਾਰੀ, ਜੀ ਐਸ ਟੀ ਵਿਭਾਗ ਅਤੇ ਮੋਬਾਈਲ ਵਿੰਗ ਨੂੰ ਕਰ ਮਾਲੀਆ ਵਧਾਉਣ ਲਈ ਵਿਭਾਗ ਅਤੇ ਵਪਾਰੀ ਭਾਈਚਾਰੇ ਦਰਮਿਆਨ ਸੁਖਾਵਾਂ ਤਾਲਮੇਲ ਬਣਾਉਣ ਲਈ ਕਿਹਾ।
ਮੀਟਿੰਗ ਵਿੱਚ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਅਨਿਲ ਭਾਰਦਵਾਜ, ਸ਼ੀਤਲ ਜੁਨੇਜਾ, ਅਤੁਲ ਨਾਗਪਾਲ, ਇੰਦਰਬੰਸ਼ ਚੱਡਾ, ਰਾਜਕੁਮਾਰ ਅਗਰਵਾਲ ਅਤੇ ਪੰਜਾਬ ਦੇ ਜੀ ਐਸ ਟੀ, ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀ ਹਾਜ਼ਰ ਸਨ।
ਸੰਯੁਕਤ ਕਮਿਸ਼ਨਰ ਮੋਬਾਈਲ ਵਿੰਗ ਜਸਕਰਨ ਬਰਾੜ ਨੇ ਭਰੋਸਾ ਦਿਵਾਇਆ ਕਿ ਮਾਲੀਆ ਵਧਾਉਣ ਅਤੇ ਵਿਭਾਗਾਂ ਅਤੇ ਵਪਾਰੀਆਂ, ਉਦਯੋਗਾਂ ਅਤੇ ਵਪਾਰਕ ਭਾਈਚਾਰਿਆਂ ਦਰਮਿਆਨ ਸਦਭਾਵਨਾ ਵਾਲੇ ਸਬੰਧ ਬਣਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਚੇਅਰਮੈਨ ਅਨਿਲ ਠਾਕੁਰ ਨੇ ਵਪਾਰੀਆਂ ਨਾਲ ਸੁਹਿਰਦ ਸਬੰਧਾਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਉਨ੍ਹਾਂ ਦੇ ਟੈਕਸਾਂ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਕਿਹਾ।
ਮੀਟਿੰਗ ਵਿੱਚ ਜੀ.ਐਸ.ਟੀ., ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀ ਹਰਸਿਮਰਤ ਕੌਰ, ਡਾ. ਸ਼ਿਵਾਨੀ ਗੁਪਤਾ, ਮਨੀਸ਼ ਨਈਅਰ ਅਤੇ ਦੀਪਇੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਸੂਬੇ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਯਕੀਨੀ ਬਣਾਇਆ।