ਸੇਫ਼ ਨੇਬਰਹੁੱਡ ਮੁਹਿੰਮ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਜਨਤਾ ਦਰਮਿਆਨ ਪਾੜੇ ਨੂੰ ਪੂਰਨ ਲਈ ਜਨਤਕ ਪਹੁੰਚ ਪਹਿਲਕਦਮੀ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ/ਐਸਏਐਸ ਨਗਰ, 9 ਅਕਤੂਬਰ:
'ਸੇਫ਼ ਨੇਬਰਹੁੱਡ' ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਅਤੇ ਜਨਤਾ ਦਰਮਿਆਨ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਵਿਆਪਕ ਜਨਤਕ ਪਹੁੰਚ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਕਦਮ ਦਾ ਉਦੇਸ਼ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹੱਲ ਕਰਨਾ, ਪੁਲਿਸ ਦੀ ਕਾਰਗੁਜ਼ਾਰੀ ਬਾਰੇ ਫੀਡਬੈਕ ਲੈਣਾ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ, ਸਹਿਯੋਗ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਹੈ।
ਇਸ ਪਹਿਲਕਦਮੀ ਤਹਿਤ ਪਹਿਲੀ ਮੀਟਿੰਗ ਫੇਜ਼ 11, ਮੁਹਾਲੀ ਵਿਖੇ ਹੋਈ, ਜਿਸ ਵਿੱਚ ਡੀਜੀਪੀ ਦੇ ਨਾਲ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਜਗਦਲੇ ਅਤੇ ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਵੀ ਸ਼ਾਮਲ ਸਨ। ਉਨ੍ਹਾਂ ਨੇ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ.ਡਬਲਯੂ.ਏਜ਼) ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਮੀਟਿੰਗ ਦੌਰਾਨ, ਇਲਾਕਾ ਨਿਵਾਸੀਆਂ ਨੇ ਮੋਹਾਲੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਘਾਟ, ਸਟੇਸ਼ਨ ਹਾਊਸ ਅਫਸਰਾਂ (ਐਸ.ਐਚ.ਓਜ਼) ਨਾਲ ਤਾਲਮੇਲ ਦੀ ਘਾਟ, ਟ੍ਰੈਫਿਕ ਜਾਮ, ਸੀਸੀਟੀਵੀ ਕੈਮਰਿਆਂ ਦੀ ਕਮੀ, ਕਿਰਾਏਦਾਰਾਂ ਦੀ ਪੜਤਾਲ, ਛੋਟੇ ਜੁਰਮਾਂ ਵਿੱਚ ਵਾਧਾ, ਸ਼ਹਿਰ ਦੀਆਂ ਹੱਦਾਂ ਅੰਦਰ ਚੱਲ ਰਹੇ ਵੱਡੇ ਵਾਹਨ ਅਤੇ ਵਿਕਰੇਤਾਵਾਂ ਦੇ ਨਜ਼ਾਇਜ਼ ਕਬਜ਼ਿਆਂ ਸਮੇਤ ਕਈ ਗੰਭੀਰ ਮੁੱਦਿਆਂ 'ਤੇ ਚਿੰਤਾ ਪ੍ਰਗਟਾਈ।
ਡੀਜੀਪੀ ਗੌਰਵ ਯਾਦਵ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਜਾਇਜ਼ ਹਨ ਅਤੇ ਪੰਜਾਬ ਪੁਲਿਸ ਦੀ ਲੋਕ ਪੱਖੀ ਪੁਲਿਸਿੰਗ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਇਹਨਾਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।
ਉਨ੍ਹਾਂ ਨੇ ਮੌਕੇ 'ਤੇ ਹੀ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਲਈ ਰੂਟ/ਵੀਆਈਪੀ ਸੁਰੱਖਿਆ ਲਈ ਵਾਧੂ ਬਲਾਂ ਦੀ ਤਾਇਨਾਤੀ, ਅਪਰਾਧਾਂ ਦੇ ਹੌਟਸਪੌਟਸ ਦੇ ਅਸਥਾਈ ਅਤੇ ਸਥਾਨਿਕ ਵਿਸ਼ਲੇਸ਼ਣ ਦੇ ਅਧਾਰ 'ਤੇ ਪੁਲਿਸ ਦੀ ਮੌਜੂਦਗੀ ਵਿੱਚ ਵਾਧਾ, ਚੌਕੀਦਾਰਾਂ ਅਤੇ ਸੁਰੱਖਿਆ ਗਾਰਡਾਂ ਦੇ ਤਾਲਮੇਲ ਨਾਲ ਬੀਟ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵੱਲੋਂ ਮੋਹਾਲੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵਿੱਚ 200 ਮੁਲਾਜ਼ਮਾਂ ਦਾ ਵਾਧਾ ਵੀ ਕੀਤਾ ਗਿਆ।
ਟਰੈਫਿਕ ਸਬੰਧੀ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ, ਡੀਜੀਪੀ ਨੇ ਐਸਐਸਪੀ ਨੂੰ ਇਸ ਸਬੰਧੀ ਟ੍ਰੈਫਿਕ ਇੰਜੀਨੀਅਰਿੰਗ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ, ਜੋ ਇਸ ਸਬੰਧੀ ਔਕੜਾਂ ਦੀ ਪਛਾਣ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਐਸਐਸਪੀ ਨੂੰ ਜ਼ਿਲ੍ਹੇ ਵਿੱਚ ਅਪਰਾਧਾਂ ਦੇ ਹੌਟਸਪੌਟਸ ਅਤੇ ਨਸ਼ਿਆਂ ਦੀ ਵਿਕਰੀ ਦੇ ਪੁਆਇੰਟਾਂ ਦੀ ਪਛਾਣ ਕਰਨ ਲਈ ਕ੍ਰਾਈਮ ਮੈਪਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ, ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਲੁੱਟ-ਖੋਹ ਅਤੇ ਨਸ਼ਿਆਂ ਦੀ ਵਿਕਰੀ ਦੇ ਹੌਟਸਪੌਟਸ 'ਤੇ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਸਲ-ਸਮੇਂ ਦੀ ਨਿਗਰਾਨੀ, ਤੁਰੰਤ ਕਾਰਵਾਈ ਕਰਨ ਅਤੇ ਅਪਰਾਧਾਂ ਨੂੰ ਰੋਕਣ ਲਈ ਜ਼ਿਲ੍ਹਾ ਅਤੇ ਉਪ-ਮੰਡਲ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਵੱਲੋਂ ਐਸਐਸਪੀ ਨੂੰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਜ਼ ਰਫ਼ਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਾਰਦਰਸ਼ਤਾ 'ਤੇ ਜ਼ੋਰ ਦਿੰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਕਰਮਚਾਰੀਆਂ ਨੂੰ ਸਰੀਰ ‘ਤੇ ਲਗਾਏ ਜਾਣ ਵਾਲੇ ਕੈਮਰਿਆਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀ ਲੋਕ ਪੱਖੀ ਪੁਲਿਸਿੰਗ ਜ਼ਰੀਏ ਇੱਕ ਮਹੀਨੇ ਦੇ ਅੰਦਰ ਸਾਰਥਕ ਨਤੀਜੇ ਦੇਣ ਸਬੰਧੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਐਸਐਸਪੀ ਦੀਪਕ ਪਾਰੀਕ ਨੂੰ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਇੱਕ ਮਹੀਨੇ ਬਾਅਦ ਆਰ.ਡਬਲਯੂ.ਏਜ਼ ਨਾਲ ਫਾਲੋ-ਅੱਪ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅੱਜ ਤੋਂ ਉਨ੍ਹਾਂ ਦੇ ਫੀਡਬੈਕ 'ਤੇ ਕੰਮ ਸ਼ੁਰੂ ਕਰ ਰਹੇ ਹਨ ਅਤੇ ਸਿਰਫ ਇੱਕ ਮਹੀਨੇ ਵਿੱਚ ਨਤੀਜੇ ਤੁਹਾਡੇ ਸਾਹਮਣੇ ਹੋਣਗੇ।
ਇਸ ਦੌਰਾਨ ਐਸਐਸਪੀ ਦੀਪਕ ਪਾਰੀਕ ਨੂੰ ਕਿਰਾਏਦਾਰਾਂ ਦੀ ਤਸਦੀਕ ਨੂੰ ਯਕੀਨੀ ਬਣਾਉਣ ਅਤੇ ਸਥਾਨਕ ਸੰਸਥਾਵਾਂ ਨਾਲ ਸਾਂਝੇ ਤੌਰ 'ਤੇ ਕਬਜ਼ੇ ਵਿਰੋਧੀ ਮੁਹਿੰਮ ਚਲਾਉਣ ਲਈ ਵੀ ਕਿਹਾ ਗਿਆ।