ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ ਸਖ਼ਤ ਕਾਨੂੰਨੀ ਕਾਰਵਾਈ: ਐੱਸ.ਡੀ.ਐਮ.ਪ੍ਰਮੋਦ ਸਿੰਗਲਾ
ਸੁਨਾਮ, 29 ਅਕਤੂਬਰ
ਪਰਾਲੀ ਪ੍ਰਬੰਧਨ ਸਬੰਧੀ ਵੱਖੋ-ਵੱਖ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਤੇ ਉਪਰੰਤ ਖੇਤਾਂ ਦਾ ਦੌਰਾ ਕਰਦਿਆਂ ਐੱਸ.ਡੀ.ਐਮ., ਸੁਨਾਮ, ਸ਼੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ
ਮਾਣਯੋਗ ਸੁਪਰੀਮ ਕੋਰਟ ਅਤੇ ਕਮਿਸ਼ਨ, ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਝੋਨੇ ਦੀ ਪਰਾਲੀ ਸਾੜਨ 'ਤੇ ਸਖ਼ਤ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਵਾਤਾਵਰਨ ਜੁਰਮਾਨਾ ਲਗਾਇਆ ਜਾਵੇਗਾ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਦੋਸ਼ੀਆ ਵਿਅਕਤੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਜ਼ਮੀਨ ਦੇ ਰਿਕਾਰਡ ਵਿੱਚ 'ਰੈੱਡ ਐਂਟਰੀ' ਕੀਤੀ ਜਾ ਰਹੀ ਹੈ, ਜਿਸ ਦੇ ਭਵਿੱਖ ਵਿੱਚ ਸਰਕਾਰੀ ਸਹੂਲਤਾਂ 'ਤੇ ਪ੍ਰਭਾਵ ਪੈ ਸਕਦੇ ਹਨ।
ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਜਾਂ ਸਬਸਿਡੀਆਂ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ।
ਪਰਾਲੀ ਸਾੜਨ ਨਾਲ ਸਿਰਫ਼ ਕਾਨੂੰਨ ਦੀ ਉਲੰਘਣਾ ਹੀ ਨਹੀਂ ਹੁੰਦੀ, ਸਗੋਂ ਇਸ ਦੇ ਕਈ ਭਿਆਨਕ ਅਤੇ ਜਾਨਲੇਵਾ ਨਤੀਜੇ ਸਾਹਮਣੇ ਆਉਂਦੇ ਹਨ। ਇਹ ਧੂੰਆਂ ਸਾਡੇ ਸਾਹ ਪ੍ਰਣਾਲੀ ਲਈ ਬਹੁਤ ਖ਼ਤਰਨਾਕ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਵੱਡਾ ਸੰਕਟ ਪੈਦਾ ਹੁੰਦਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਕਿਉਂਕਿ ਇਸ ਵਿੱਚ ਮੌਜੂਦ ਜ਼ਰੂਰੀ ਮਿੱਤਰ ਕੀਟ ਅਤੇ ਜੈਵਿਕ ਤੱਤ ਨਸ਼ਟ ਹੋ ਜਾਂਦੇ ਹਨ। ਸੜਕਾਂ 'ਤੇ ਧੂੰਏਂ ਦੀ ਸੰਘਣੀ ਪਰਤ ਕਾਰਨ ਸੜਕ ਹਾਦਸੇ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪਰਾਲੀ ਸਾੜਨ ਦੀ ਬਜਾਏ, ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਜਿਵੇਂ ਕਿ ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ ਜਾਂ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਮਿਲਾਉਣਾ।
ਬੇਲਰ ਮਸ਼ੀਨਾਂ ਰਾਹੀਂ ਗੱਠਾਂ ਬਣਾ ਕੇ ਪਾਵਰ ਪਲਾਂਟਾਂ ਜਾਂ ਉਦਯੋਗਾਂ ਨੂੰ ਵੇਚਣਾ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਾਂ ਸਾਰੇ ਵਾਤਾਵਰਨ ਦਾ ਹਿੱਸਾ ਹਾਂ। ਪਰਾਲੀ ਨਾ ਸਾੜ ਕੇ ਸਿਰਫ਼ ਕਾਨੂੰਨ ਦੀ ਪਾਲਣਾ ਹੀ ਨਹੀਂ ਕੀਤਾ ਜਾਂਦਾ, ਸਗੋਂ ਆਪਣੀ ਜ਼ਮੀਨ, ਆਪਣੇ ਪਰਿਵਾਰ ਅਤੇ ਪੂਰੇ ਸਮਾਜ ਨੂੰ ਇੱਕ ਸਾਫ਼ ਅਤੇ ਸਿਹਤਮੰਦ ਭਵਿੱਖ ਦਿੱਤਾ ਜਾਂਦਾ ਹੈ।


