ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-06-2026 ਅੰਗ 802

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-06-2026 ਅੰਗ 802

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
ੴ ਸਤਿਗੁਰ ਪ੍ਰਸਾਦਿ ॥

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥

ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥

ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥

ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥

ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥

ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥

ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨੑ ਅਪੁਨਾ ਪ੍ਰਭੁ ਜਾਤਾ ॥

ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥

ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥

ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥

ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥

ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥

ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥

ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥

ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥

ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥

ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥

ਸ਼ਨਿਚਰਵਾਰ, ੩੦ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੮੦੨)

ਪੰਜਾਬੀ ਵਿਆਖਿਆ:-  ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ । ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ । (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ।੧।ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ । ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ । ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ । ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ । (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ।੧। ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ । (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ । ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ । ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ।੨। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ । (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ । ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ । ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।੩। ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ । ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ । ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ । ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ । ਹੇ ਨਾਨਕ! (ਆਖ—ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ।੪।੧।੪।

Advertisement

Latest News

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਕੈਡੇਟ ਫ਼ੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਕੈਡੇਟ ਫ਼ੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
ਚੰਡੀਗੜ੍ਹ/ਐਸ.ਏ.ਐਸ. ਨਗਰ, 13 ਜੂਨ: ਪੰਜਾਬ ਲਈ ਮਾਣਮੱਤੀ ਉਪਲਬਧੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਐਫ.ਪੀ.ਆਈ.) ਦੇ 7 ਸਾਬਕਾ...
ਗੈਂਗਸਟਰਾਂ ‘ਤੇ ਵਾਰ ਦਾ 144ਵਾਂ ਦਿਨ: ਪੰਜਾਬ ਪੁਲਿਸ ਵੱਲੋਂ 519 ਥਾਈਂ ਛਾਪੇਮਾਰੀ; 249 ਗ੍ਰਿਫ਼ਤਾਰ
ਪੰਜਾਬ ਪੁਲਿਸ ਅਤੇ ਫਿੱਕੀ ਕੈਸਕੇਡ ਵੱਲੋਂ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ
ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣਾ ਸਾਡਾ ਸੰਕਲਪ : ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ
ਵਰਲਡ ਐਲਡਰ ਐਬਿਊਜ਼ ਅਵੇਅਰਨੈੱਸ ਡੇਅ” ਮੌਕੇ ਸੀਨੀਅਰ ਨਾਗਰਿਕਾਂ ਲਈ ਸਰਬ-ਸਾਂਝੇ ਸ਼ਾਸਨ ਦਾ ਮਾਡਲ ਪੇਸ਼
ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
ਸਪੀਕਰ ਸੰਧਵਾਂ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਅਪੀਲ