ਬਠਿੰਡਾ ਲੋਕ ਸਭਾ ਹਲਕੇ ਲਈ 20 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ : ਜਸਪ੍ਰੀਤ ਸਿੰਘ
ਬਠਿੰਡਾ, 15 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਤੋਂ 14 ਮਈ ਤੱਕ ਪ੍ਰਾਪਤ ਹੋਈਆਂ ਕੁੱਲ 40 ਨਾਮਜ਼ਦਗੀਆਂ ਦੀ ਅੱਜ ਪੜਤਾਲ ਕੀਤੀ ਗਈ, ਜਿਨ੍ਹਾਂ ’ਚੋਂ 20 ਨਾਮਜਦਗੀ ਪੱਤਰ ਯੋਗ ਪਾਏ ਗਏ ਤੇ 20 ਉਹ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ਜੋ ਉਮੀਦਵਾਰਾਂ ਵਲੋਂ ਇੱਕ ਤੋਂ ਜ਼ਿਆਦਾ ਵਾਰ ਭਰੀਆਂ ਗਈਆਂ ਸਨ।
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਯੋਗ ਪਾਈਆਂ ਗਈਆਂ ਨਾਮਜ਼ਦਗੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜੀਤ ਮਹਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਨਿੱਕਾ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਮਪਾਲ ਕੌਰ ਸਿੱਧੂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ।
ਇਸੇ ਤਰ੍ਹਾਂ ਜਨਸੇਵਾ ਡਰਾਈਵਰ ਪਾਰਟੀ ਤੋਂ ਗੁਰਪ੍ਰੀਤ ਸਿੰਘ, ਅਜਾਦ ਸਮਾਜ ਪਾਰਟੀ (ਕਾਂਸੀ ਰਾਮ) ਤੋਂ ਜਸਵੀਰ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਤੋਂ ਨੈਬ ਸਿੰਘ, ਨੈਸ਼ਨੇਲਿਸਟ ਜਸਟਿਸ ਪਾਰਟੀ ਤੋਂ ਪੂਨਮ ਰਾਣੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਤੋਂ ਲਖਵੀਰ ਸਿੰਘ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ।
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਅਜ਼ਾਦ ਉਮੀਦਵਾਰਾਂ ’ਚੋਂ ਅਮਨਦੀਪ ਸਿੰਘ, ਅੰਕੁਸ਼ ਜਿੰਦਲ, ਸੁਖਜੀਤ ਕੌਰ, ਕੁਲਵੰਤ ਸਿੰਘ, ਗੁਰਬਰਨ ਸਿੰਘ, ਗੁਰਮੀਤ ਸਿੰਘ, ਜਗਜੀਵਨ ਬੱਲੀ, ਪਰਵਿੰਦਰ ਸਿੰਘ, ਪਾਲਾ ਰਾਮ ਅਤੇ ਭਗਵੰਤ ਸਿੰਘ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ।
ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।