ਮਿੱਲ ਮਾਲਕਾਂ ਵੱਲੋਂ ਇੱਕ ਮੁਸ਼ਤ ਨਿਪਟਾਰਾ ਸਕੀਮ ਦਾ ਨਿਰੰਤਰ ਲਿਆ ਜਾ ਰਿਹੈ ਲਾਹਾ- ਪਨਸਪ ਜਿਲ੍ਹਾ ਮੈਨੇਜਰ
ਮਾਲੇਰਕੋਟਲਾ, 8 ਦਸੰਬਰ -
ਪੰਜਾਬ ਸਰਕਾਰ ਵੱਲੋਂ ਰਾਈਸ ਮਿੱਲਰਾਂ ਲਈ ਇੱਕ-ਮੁਸ਼ਤ ਨਿਪਟਾਰਾ ਸਕੀਮ 2025 ਲਾਗੂ ਕੀਤੀ ਗਈ ਹੈ। ਇਸ ਸਕੀਮ ਤਹਿਤ ਬਹੁਤ ਸਾਰੇ ਅਜਿਹੇ ਮਿੱਲਰ ਫਾਇਦਾ ਉਠਾ ਰਹੇ ਹਨ ਜਿਨ੍ਹਾਂ ਦੇ ਕਾਨੂੰਨੀ ਜਾਂ ਸਿਵਲ ਕੇਸ ਕਈ ਪੀੜ੍ਹੀਆਂ ਤੋਂ ਚਲਦੇ ਆ ਰਹੇ ਸਨ । ਪਨਸਪ ਜਿਲ੍ਹਾ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਹੁਣ ਤੱਕ 8 ਮਿੱਲਾਂ ਦੇ ਮਾਲਕਾਂ/ਹਿੱਸੇਦਾਰਾਂ ਨੇ ਲਾਭ ਲਿਆ ਹੈ ਅਤੇ ਉਨ੍ਹਾਂ ਦੇ 13 ਲੰਬਿਤ ਕੇਸਾਂ ਦਾ ਨਿਪਟਾਰਾ ਕਰ ਕੇ ਵਿਭਾਗ ਵੱਲੋਂ ਕੋਈ ਬਕਾਇਆ ਨਹੀਂ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਨਿਪਟਾਰਾ ਕਰਵਾਉਣ ਲਈ ਰਾਈਸ ਮਿੱਲਰ https://anaajkharid.in 'ਤੇAnaaj Kharid ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਉਪਰੋਕਤ ਵੈਬਸਾਈਟ ਤੋਂ ਇਲਾਵਾ ਪਨਸਪ ਜਿਲ੍ਹਾ ਦਫਤਰਾਂ ਜਾ ਪਨਸਪ ਮੁੱਖ ਦਫ਼ਤਰ ਵਿੱਚ ਸਮਰਪਿਤ ਸਹਾਇਤਾ-ਡੈਸਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਕੀਮ ਤਹਿਤ ਮੈਸ: ਜੇ.ਐਸ. ਟ੍ਰੇਡਜ਼, ਅਹਿਮਦਗੜ੍ਹ ਦੇ ਦੋ ਲੰਬਿਤ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਪਨਸਪ ਵਿਭਾਗ ਵੱਲੋਂ ਮੈਸ: ਜੇ.ਐਸ. ਟ੍ਰੇਡਜ਼ ਦੇ ਨੁਮਾਇੰਦਿਆਂ ਨੂੰ ਕੋਈ ਬਕਾਇਆ ਨਹੀ ਸਰਟੀਫ਼ਿਕੇਟ ਪ੍ਰਦਾਨ ਕੀਤਾ ਗਿਆ। ਇਸ ਮਿੱਲ ਦੇ ਦੋ ਕੇਸ ਲਗਭਗ 26 ਸਾਲਾਂ ਤੋਂ ਲੰਬਿਤ ਚੱਲ ਰਹੇ ਸਨ। ਮਿੱਲਰ ਵੱਲੋਂ ਕੁੱਲ ਬਣਦੀ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਹੈ, ਜਿਹੜੀ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਇਸ ਸਕੀਮ ਦਾ ਲਾਭ ਉਠਾਉਣ ਵਾਲੇ ਮਿੱਲਰ ਰਾਜੀਵ ਗੋਇਲ ਅਤੇ ਮੈਨੇਜਰ ਮੁਹੰਮਦ ਇਸਤਿਆਕ ਵੱਲੋਂ ਆਪਣੇ ਕੇਸਾਂ ਦੇ ਨਿਪਟਾਰੇ ਉਪਰੰਤ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਗਿਆ ਕਿ ਇਹ ਸਕੀਮ ਉਹਨਾਂ ਲਈ ਕਾਫੀ ਲਾਹੇਵੰਦ ਸਿੱਧ ਹੋਈ ਹੈ।


