ਸਰਕਾਰੀ ਸਕੂਲ ਗੇਰਾ ਤੇ ਘਗਵਾਲ ਵਿਖੇ ਕਰਵਾਇਆ ਕਰੀਅਰ ਗਾਈਡੈਂਸ ਪ੍ਰੋਗਰਾਮ
ਹੁਸ਼ਿਆਰਪੁਰ, 4 ਦਸੰਬਰ :
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੇਰਾ ਅਤੇ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਗਵਾਲ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਦੀ ਚੋਣ ਸਬੰਧੀ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ। ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਯੰਗ ਪ੍ਰੋਫੈਸ਼ਨਲ ਵਿਰਕਮ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਦੇ ਹੋਏ ਰੋਜ਼ਗਾਰ ਬਿਊਰੋ ਰਾਹੀਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਬੱਚਿਆਂ ਦੇ ਭਵਿੱਖ ਦੇ ਕਰੀਅਰ ਲਈ ਕੀਤੀ ਜਾਂਦੀ ਕਰੀਅਰ ਕਾਊਂਸਲਿੰਗ, ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਸਵੈ-ਰੋਜ਼ਗਾਰ ਸਕੀਮਾਂ, ਸ਼ਾਰਟ-ਟਰਮ ਤਕਨੀਕੀ ਕੋਰਸਾਂ ਅਤੇ ਵੱਖ-ਵੱਖ ਸਰਕਾਰੀ ਨੌਕਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਫੂਡ ਕਰਾਫਟ ਇੰਸਟੀਚਿਊਟ ਦੇ ਜ਼ਿਲ੍ਹਾ ਕੋਆਰਡੀਨੇਟਰ ਅਸ਼ਵਨੀ ਕੁਮਾਰ ਕੁੰਡਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿੱਤਾ ਮੁਖੀ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਆਪਣਾ ਕੰਮ ਸਥਾਪਿਤ ਕਰਕੇ ਦੂਜਿਆਂ ਨੂੰ ਵੀ ਰੋਜ਼ਗਾਰ ਦੇਣ ਦੇ ਕਾਬਿਲ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਫੂਡ ਕਰਾਫਟ ਇੰਸਟੀਚਿਊਟ ਵਿਖੇ ਡਿਪਲੋਮਾ ਅਤੇ ਡਿਗਰੀ ਕੋਰਸ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਵਿਦਿਆਰਥੀ ਆਤਮ-ਨਿਰਭਰ ਬਣ ਸਕਦੇ ਹਨ।
ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੌਰਾਨ ਉਪਰੋਕਤ ਦੋਵਾਂ ਸਕੂਲਾਂ ਦੇ ਸਮੂਹ ਸਟਾਫ ਅਤੇ 130 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੇਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਗਵਾਲ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦਾ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਲਗਾਉਣ ਲਈ ਕਿਹਾ।


