ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਮੁਫ਼ਤ ਇਲਾਜ ਲਈ ਉਪਰਾਲੇ ਜਾਰੀ
ਮਾਨਸਾ, 14 ਜੂਨ :
ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦੂ ਬਾਂਸਲ ਦੀ ਅਗਵਾਈ ’ਚ ਸਿਹਤ ਬਲਾਕ ਖ਼ਿਆਲਾ ਕਲਾਂ ਦੀ ਟੀਮ ਵੱਲੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਜਮਾਂਦਰੂ ਦਿਲ ਦੀ ਬਿਮਾਰੀ (ਦਿਲ ਵਿੱਚ ਸੁਰਾਖ਼) ਤੋਂ ਪੀੜਤ ਅਤੇ ਹੋਰ ਬੀਮਾਰੀ ਤੋਂ ਪੀੜਤ ਪਛਾਣ ਕੀਤੇ ਬੱਚਿਆਂ ਦੇ ਮਾਪਿਆਂ ਨੂੰ ਮੁਫ਼ਤ ਇਲਾਜ ਲਈ ਘਰ-ਘਰ ਜਾਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਰਾਸ਼ਟਰੀ ਬਾਲ ਸਵਾਸਥ ਟੀਮ ਵੱਲੋਂ ਡਾ. ਅਮਰਿੰਦਰ ਸ਼ਾਰਦਾ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ, ਆਂਗਣਵਾੜੀ ਵਿੱਚ ਰਜਿਸਟਰਡ ਬੱਚੇ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਸਾਲ ਵਿੱਚ ਦੋ ਵਾਰ ਮੁਆਇਨਾ ਕੀਤਾ ਜਾਂਦਾ ਹੈ ਅਤੇ ਰੈਫ਼ਰ ਕੀਤੇ ਗਏ ਬੱਚਿਆਂ ਦੀ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਸੂਚੀਬੱਧ ਪੀ.ਜੀ.ਆਈ. ਚੰਡੀਗੜ੍ਹ, ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਬਲਾਕ ਐਜੂਕੇਟਰ ਸ਼੍ਰੀ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਬਲਾਕ ਖਿਆਲਾ ਕਲਾਂ ਵੱਲੋ ਪੀੜਤ ਬੱਚੇ ਮਹਿਤਾਬ ਸਿੰਘ ਪਿੰਡ ਖੋਖਰ ਖੁਰਦ, ਸੰਦੀਪ ਸਿੰਘ ਪਿੰਡ ਬੱਪੀਆਣਾ, ਰਾਜਦੀਪ ਸਿੰਘ ਪਿੰਡ ਅਕਲੀਆ, ਤੇਜਸਵੀਰ ਸਿੰਘ ਪਿੰਡ ਮਾਖਾ ਚਹਿਲਾਂ ਦਾ ਦਿਲ ਦੀ ਬੀਮਾਰੀ ਦਾ ਸਫ਼ਲ ਅਪਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ, ਸੀ.ਐਮ.ਸੀ ਹਸਪਤਾਲ ਲੁਧਿਆਣਾ ਵਿੱਚ ਮੁਫ਼ਤ ਕਰਵਾਇਆ ਗਿਆ। ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜ਼ਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ।
ਸਿਹਤ ਟੀਮ ਖਿਆਲਾ ਕਲਾਂ ਵੱਲੋਂ ਸਕੂਲਾਂ ਵਿੱਚ ਛੱੁਟੀਆਂ ਮੌਕੇ ਪਿੰਡ ਮੌਜੋ ਖ਼ੁਰਦ, ਖੋਖਰ ਖੁਰਦ ਅਤੇ ਜੋਗਾ ਵਿਖੇ ਦਿਲ ਦੀ ਜਮਾਂਦਰੂ ਬੀਮਾਰੀ ਦੇ ਬੱਚਿਆਂ ਦੇ ਘਰਾਂ ਦਾ ਦੌਰਾ ਕਰਕੇ ਮਾਪਿਆਂ ਨੂੰ ਮੁਫ਼ਤ ਇਲਾਜ ਲਈ ਪ੍ਰੇਰਿਤ ਕੀਤਾ ਗਿਆ।