ਸਬ ਜੇਲ੍ਹ ਪੱਟੀ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਅਤੇ ਯੂਥ ਅਗੇਂਸਟ ਡਰੱਗਸ ਮਨਾਇਆ ਗਿਆ
ਪੱਟੀ/ਤਰਨ ਤਾਰਨ, 10 ਦਸੰਬਰ ( ) - ਮਾਨਯੋਗ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੀ ਅਗਵਾਹੀ ਹੇਠ ਅੱਜ ਸਬ ਜੇਲ੍ਹ ਪੱਟੀ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਅਤੇ ਯੂਥ ਅਗੇਂਸਟ ਡਰੱਗਸ ਮਨਾਇਆ ਗਿਆ। ਇਸ ਮੌਕੇ ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਜਗਜੀਤ ਸਿੰਘ, ਸਬ ਡੀਵੀਜ਼ਨ ਜੁਡੀਸ਼ੀਅਲ ਮੈਜੀਸਟਰੇਟ, ਪੱਟੀ, ਸ਼੍ਰੀ ਕਰਨਬੀਰ ਸਿੰਘ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਅਤੇ ਮਿਸ ਜੀਆ ਖੁੱਲਰ, ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਜੇਲ੍ਹ ਸੁਪਰਡੈਂਟ, ਸਬ ਜੇਲ੍ਹ ਪੱਟੀ ਇੰਦਰਪ੍ਰੀਤ ਸਿੰਘ ਅਤੇ ਜੇਲ ਦਾ ਸਾਰਾ ਸਟਾਫ ਅਤੇ ਸਾਰੇ ਬੰਦੀ ਹਾਜ਼ਰ ਰਹੇ।
ਇਸ ਪ੍ਰੋਗਰਾਮ ਦਾ ਉਦੇਸ਼ ਕੈਦੀਆਂ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜਣਾ ਸੀ। ਇਸ ਦੌਰਾਨ ਵੱਖ-ਵੱਖ ਸੱਭਿਆਚਾਰਕ ਅਤੇ ਰਚਨਾਤਮਕ ਕਾਰਜਕਲਾਪ ਕਰਵਾਏ ਗਏ, ਜਿਵੇਂ ਕਿ ਭੰਗੜਾ ਪ੍ਰਸਤੁਤੀ, ਕਲਾ ਮੁਕਾਬਲੇ ਅਤੇ ਕਵਿਤਾ ਪਾਠ, ਜਿਨ੍ਹਾਂ ਰਾਹੀਂ ਕੈਦੀਆਂ ਨੇ ਆਪਣੇ ਲੁਕੇ ਹੋਏ ਹੁਨਰ ਦਾ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਜੀ ਵੱਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ, ਤਾਂ ਜੋ ਉਹ ਸਕਾਰਾਤਮਕ ਅਤੇ ਸੁਧਾਰਕ ਗਤੀਵਿਧੀਆਂ ਵੱਲ ਹੋਰ ਪ੍ਰੇਰਿਤ ਹੋਣ। ਇਸ ਦੇ ਨਾਲ-ਨਾਲ ਕੈਦੀਆਂ ਦੀ ਸੁਵਿਧਾ ਲਈ ਮੈਡੀਕਲ ਕੈਂਪ ਅਤੇ ਆਧਾਰ ਕਾਰਡ ਕੈਂਪ ਦਾ ਵੀ ਆਯੋਜਨ ਕੀਤਾ ਗਿਆ।
ਇਸ ਸਮਾਗਮ ਦਾ ਅੰਤ ਮਨੁੱਖੀ ਮਰਿਆਦਾ, ਸਮਾਨਤਾ ਅਤੇ ਨਿਆਂ ਦੀ ਪਾਲਣਾ ਲਈ ਅਪੀਲ ਨਾਲ ਹੋਇਆ, ਜਿਸ ਨਾਲ ਕੈਦੀਆਂ ਦੇ ਕਲਿਆਣ ਅਤੇ ਪੁਨਰਵਾਸ ਲਈ ਨਿਆਂ ਪ੍ਰਣਾਲੀ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਪ੍ਰੋਗਰਾਮ ਦੇ ਅੰਤ ਵਿੱਚ ਜੇਲ੍ਹ ਸੁਪਰਡੈਂਟ ਸ਼੍ਰੀ ਇੰਦਰਪ੍ਰੀਤ ਸਿੰਘ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਜੀ ਦਾ ਧੰਨਵਾਦ ਕੀਤਾ ਗਿਆ।


