ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਮਈ, 2024:
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਇਸ ਵਾਰ 70 ਫ਼ੀਸਦੀ ਪਾਰ ਦੇ ਸੁਨੇਹੇ ਨੂੰ ਹਰ ਇੱਕ ਵੋਟਰ ਤੱਕ ਪਹੁੰਚਾਉਣ ਲਈ ਅਤੇ ਹਰ ਇੱਕ ਯੋਗ ਵੋਟਰ ਦੀ ਵੋਟ ਯਕੀਨੀ ਬਨਾਉਣ ਲਈ, ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਸਥਾਨਿਕ ਸੀ ਪੀ ਮਾਲ ਦੇ ਫੂਡ ਕੋਰਟ ਵਿਖੇ ਕਲ੍ਹ ਜਿਲ੍ਹਾ ਸਵੀਪ ਟੀਮ ਵੱਲੋਂ ਜਾਦੂਗਰ ਵਿਲਸਨ ਦਾ ਜਾਦੂ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਵਿੱਚ ਬਤੌਰ ਮੁੱਖ ਮਹਿਮਾਨ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਦੀਪਾਂਕਰ ਗਰਗ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਦਾ ਸ਼ੋਅ ਪੂਰੀ ਤਰ੍ਹਾਂ ‘1 ਜੂਨ ਨੂੰ ਪੰਜਾਬ ਕਰੂਗਾ ਵੋਟ’ ਦੇ ਸੁਨੇਹੇ ਨੂੰ ਸਮਰਪਿਤ ਸੀ।
ਜਾਦੂਗਰ ਵਿਲਸਨ ਵੱਲੋਂ ਆਪਣੇ ਕਰਤੱਵਾਂ ਰਾਹੀਂ, ਇੱਕ ਜੂਨ ਨੂੰ ਵੋਟ, ਚੋਣਾਂ ਦਾ ਪਰਵ, ਦੇਸ਼ ਦਾ ਗਰਵ ਅਤੇ ਮੋਬਾਈਲ ਐਪਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਸੰਦੇਸ਼ ਵੀ ਸਕਰੀਨਾਂ ਉਪਰ ਚਲਾਇਆ ਗਿਆ। ਸਬ ਡਵੀਜ਼ਨਲ ਮੈਜਿਸਟ੍ਰੇਟ ਦੀਪਾਂਕਰ ਗਰਗ ਨੇ ਸਮੂਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹਿਰੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਖਾਣ-ਪੀਣ ਦੇ ਸ਼ੌਕੀਨ ਮੋਹਾਲੀ ਵਾਸੀਆਂ ਨੂੰ ਜਿਲ੍ਹਾ ਚੋਣ ਦਫਤਰ ਦਾ ਇਹ ਉਪਰਾਲਾ ਬਹੁਤ ਪਸੰਦ ਆਇਆ। ਉਨ੍ਹਾਂ ਨੂੰ ਲੱਜ਼ਤਦਾਰ ਖਾਣੇ ਦੇ ਨਾਲ-ਨਾਲ ਮਹਾਨ ਲੋਕਤੰਤਰ ਸਬੰਧੀ ਮਜ਼ੇਦਾਰ ਗੱਲਾਂ ਵੀ ਪਰੋਸੀਆਂ ਗਈਆਂ।
ਸੀਨੀਅਰ ਸਿਟੀਜਨ ਗੁਰਦੇਵ ਕੌਰ ਸਿੱਧੂ ਨੇ ਕਿਹਾ ਕਿ ਉਹ ਪਿਛਲੇ 60 ਸਾਲ ਤੋਂ ਵੋਟ ਪਾ ਰਹੇ ਹਨ ਅਤੇ ਇਸ ਵਾਰ ਵੀ ਜਰੂਰ ਵੋਟ ਪਾਉਣਗੇ। ਪਹਿਲੀ ਵਾਰ ਵੋਟਰ ਵਜੋਂ ਰਜਿਸਟਰ ਹੋਈ ਲਵਰੂਪ ਕਰਨ ਕੌਰ ਨੇ ਕਿਹਾ ਕਿ ਕਲ੍ਹ ਹੀ ਉਸਨੂੰ ਆਨਲਾਈਨ ਵੋਟਰ ਪਹਿਚਾਣ ਪੱਤਰ ਪ੍ਰਾਪਤ ਹੋਇਆ ਹੈ ਅਤੇ ਉਹ ਵੋਟ ਜਰੂਰ ਕਰੇਗੀ ਅਤੇ ਸਾਰੇ ਪਰਿਵਾਰ ਦੀ ਵੋਟ ਯਕੀਨੀ ਬਣਾਵੇਗੀ। ਸੀ ਪੀ ਮਾਲ ਦੇ ਮੈਨੇਜਿੰਗ ਡਾਇਰੈਕਟਰ ਹਰਭਗਵੰਤ ਸਿੰਘ ਨੇ ਕਿਹਾ ਕਿ 1 ਜੂਨ ਤੱਕ ਮਾਲ ਦੀਆਂ ਡਿਜੀਟਲ ਸਕਰੀਨਾਂ ਉਪਰ ਵੋਟ ਪਾਉਣ ਲਈ ਮੈਸਜ ਚਲਾਏ ਜਾਣਗੇ। ਇਸ ਮੌਕੇ ਤਹਿਸੀਲਦਾਰ ਅਰਜਨ ਸਿੰਘ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।