ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਸੀਐਮ ਦੀ ਯੋਗਸ਼ਾਲਾ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਯੋਜਿਤ
ਮਲੇਰਕੋਟਲਾ, 5 ਨਵੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਕਰਕੇ ਅੱਜ ਸੀਐਮ ਦੀ ਯੋਗਸ਼ਾਲਾ ਮਲੇਰਕੋਟਲਾ ਵੱਲੋਂ ਸਥਾਨਕ ਸਰਕਾਰੀ ਕਾਲਜ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਸਹਾਇਕ ਕਮਿਸ਼ਨਰ ਕਮ ਮੁੱਖ ਮੰਤਰੀ ਫੀਲਡ ਅਫ਼ਸਰ ਰਕੇਸ਼ ਗਰਗ ਅਤੇ ਐਸ.ਡੀ.ਐਮ. ਗੁਰਮੀਤ ਕੁਮਾਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਰਕੇਸ਼ ਗਰਗ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਚੱਲਣ ਅਤੇ ਜੀਵਨ ਵਿੱਚ ਸੱਚਾਈ, ਇਮਾਨਦਾਰੀ ਤੇ ਸੇਵਾ ਦਾ ਪਥ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹੀ ਸਫਲਤਾ ਦੀ ਸੱਚੀ ਕੁੰਜੀ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਜੀਵਨ ਪ੍ਰਬੰਧਨ, ਕਰੀਅਰ ਤੇ ਚੰਗੇ ਆਦਰਸ਼ਾਂ ਬਾਰੇ ਪ੍ਰੇਰਕ ਗੱਲਾਂ ਸਾਂਝੀਆਂ ਕੀਤੀਆਂ ਜਿਸ ਨਾਲ ਵਿਦਿਆਰਥੀਆਂ ਦਾ ਹੌਸਲਾ ਵਧਿਆ।
ਐਸ.ਡੀ.ਐਮ. ਗੁਰਮੀਤ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸੰਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਨੂੰ ਉੱਚ ਆਦਰਸ਼ਾਂ ਨਾਲ ਜੀਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸੱਚਾਈ, ਨਿਮਰਤਾ ਅਤੇ ਸੇਵਾ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਸਭ ਤੋਂ ਵੱਡੀ ਸਫਲਤਾ ਦੂਜਿਆਂ ਦੀ ਸੇਵਾ ਕਰਨਾ ਅਤੇ ਮਨੁੱਖਤਾ ਲਈ ਜੀਣਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨੌਜਵਾਨ ਆਪਣਾ ਮਨ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਪਿਆਰ, ਦਇਆ ਤੇ ਮਿਹਨਤ ਦਾ ਰਾਹ ਅਪਣਾਉਣ, ਕਿਉਂਕਿ ਇਹੀ ਜੀਵਨ ਦੀ ਅਸਲੀ ਕਮਾਈ ਹੈ।
ਇਸ ਮੌਕੇ ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਲਕੀਤ ਕੌਰ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਆਰਦਾਸ ਤੋਂ ਬਾਅਦ ਪ੍ਰਸਾਦ ਵੰਡਿਆ ਗਿਆ ਅਤੇ ਗੁਰੂ ਸਾਹਿਬ ਦੇ ਸਿੱਧਾਂਤਾਂ ਅਨੁਸਾਰ ਸੇਵਾ ਤੇ ਸਮਰਪਣ ਦੇ ਜੀਵਨ ਮੁੱਲਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਗਿਆ।

