ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕੂੜਾ ਪ੍ਰਬੰਧਨ ਸਬੰਧੀ ਸਫ਼ਾਈ ਸੇਵਕਾਂ ਅਤੇ ਸੈਨੇਟਰੀ ਵਰਕਰਾਂ ਲਈ ਜਾਗਰੂਕਤਾ ਕੈਂਪ ਲਗਾਇਆ
ਸੰਗਰੂਰ, 4 ਦਸੰਬਰ:
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ.ਪੀ.ਸੀ.ਬੀ.) ਦੇ ਖੇਤਰੀ ਦਫ਼ਤਰ, ਸੰਗਰੂਰ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਸਫ਼ਾਈ ਸੇਵਕਾਂ ਅਤੇ ਸੈਨੇਟਰੀ ਵਰਕਰਾਂ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸੰਬੰਧੀ ਇੱਕ ਜਾਗਰੂਕਤਾ ਕੈਂਪ ਨਗਰ ਕੌਂਸਲ, ਦਫ਼ਤਰ, ਸੁਨਾਮ ਰੋਡ, ਸੰਗਰੂਰ ਵਿਖੇ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ 59 ਸਫ਼ਾਈ ਕਰਮਚਾਰੀਆਂ/ਸੁਪਰਵਾਈਜ਼ਰਾਂ ਅਤੇ ਸੈਨੇਟਰੀ ਇੰਸਪੈਕਟਰ ਨੇ ਹਿੱਸਾ ਲਿਆ।
ਇਸ ਮੌਕੇ ਵਾਤਾਵਰਣ ਇੰਜੀਨੀਅਰ, ਪੀ.ਪੀ.ਸੀ.ਬੀ. ਸ਼੍ਰੀ ਰੋਹਿਤ ਸਿੰਗਲਾ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵੱਲੋਂ ਮਿਤੀ 22.12.2019 ਨੂੰ ਓ.ਏ. ਨੰ. 199/2014 ਸਿਰਲੇਖ ਅਲਮਿਤਰਾ ਐਚ ਪਟੇਲ ਬਨਾਮ ਯੂਓਆਈ ਵਿੱਚ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਕੋਈ ਵੀ ਠੋਸ ਰਹਿੰਦ-ਖੂੰਹਦ ਨੂੰ ਨਹੀਂ ਸਾੜੇਗਾ ਅਤੇ ਸੜਕ/ਗਲੀਆਂ ਵਾਲੀਆਂ ਥਾਵਾਂ 'ਤੇ ਕੂੜਾ, ਪਲਾਸਟਿਕ, ਪੱਤੇ ਸਮੇਤ ਹਰ ਕਿਸਮ ਦੇ ਰਹਿੰਦ-ਖੂੰਹਦ ਨੂੰ ਸਾੜਨਾ ਵਰਜਿਤ ਅਤੇ ਸਜ਼ਾ ਯੋਗ ਹੈ। ਕੋਈ ਵੀ ਅਜਿਹਾ ਵਿਅਕਤੀ/ਏਜੰਸੀ ਜੋ ਠੋਸ ਰਹਿੰਦ-ਖੂੰਹਦ ਸਾੜ ਰਿਹਾ ਹੈ, ਉਸ ਨੂੰ ਪ੍ਰਤੀ ਘਟਨਾ 5000/- ਰੁਪਏ ਵਾਤਾਵਰਣ ਮੁਆਵਜ਼ਾ ਅਤੇ ਡੰਪ ਸਾਈਟਾਂ ਜਾਂ ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਸਥਾਨਾਂ ਜਾਂ ਹੋਰ ਥਾਵਾਂ 'ਤੇ ਬਲਕ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵਿੱਚ 25000/- ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਰਾਜ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਰਾਹੀਂ ਮਾਣਯੋਗ ਐਨ.ਜੀ.ਟੀ ਦੇ ਉਪਰੋਕਤ ਹੁਕਮਾਂ ਨੂੰ ਪੰਜਾਬ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਫ਼ਾਈ ਅਤੇ ਸੈਨੀਟੇਸ਼ਨ ਉਪ-ਨਿਯਮ 2020 ਦੇ ਤਹਿਤ ਪ੍ਰਵਾਨਗੀ ਦੇ ਦਿੱਤੀ ਹੈ।
ਕਮਿਊਨਿਟੀ ਫੈਸੀਲੀਟੇਟਰ ਸ੍ਰੀਮਤੀ ਰਿਤੂ ਨੇ ਆਪਣੇ ਸੰਬੋਧਨ ਵਿੱਚ ਸੰਗਰੂਰ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਦੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਉਜਾਗਰ ਕੀਤਾ ਅਤੇ ਠੋਸ ਰਹਿੰਦ-ਖੂੰਹਦ ਨੂੰ ਖੁੱਲ੍ਹੇ ਵਿੱਚ ਸਾੜਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਸਪਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਠੋਸ ਰਹਿੰਦ-ਖੂੰਹਦ ਸਾੜਨ ਦੀ ਹਰੇਕ ਘਟਨਾ 'ਤੇ ਚਲਾਨ ਕੱਟੇ ਜਾਣੇ ਚਾਹੀਦੇ ਹਨ। ਉਨ੍ਹਾਂ ਨੂੰ ਠੋਸ ਰਹਿੰਦ-ਖੂੰਹਦ ਨੂੰ ਸੰਭਾਲਦੇ ਸਮੇਂ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.) ਦੀ ਵਰਤੋਂ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਨਗਰ ਨਿਗਮ ਸੰਗਰੂਰ ਦੇ ਸਾਰੇ ਸਫ਼ਾਈ ਸੇਵਕਾਂ ਅਤੇ ਸੈਨੇਟਰੀ ਇੰਸਪੈਕਟਰ ਨੇ ਭਰੋਸਾ ਦਿੱਤਾ ਕਿ ਸੰਗਰੂਰ ਸ਼ਹਿਰ ਵਿੱਚ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਕੰਟਰੋਲ ਕਰਨ ਲਈ ਉਨ੍ਹਾਂ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ।
ਕੈਂਪ ਵਿੱਚ ਰੋਹਿਤ ਸਿੰਗਲਾ, ਵਾਤਾਵਰਣ ਇੰਜੀਨੀਅਰ, ਪੀ.ਪੀ.ਸੀ.ਬੀ., ਖੇਤਰੀ ਦਫ਼ਤਰ ਸੰਗਰੂਰ, ਅਸ਼ੀਸ਼ ਕੁਮਾਰ, ਕਾਰਜਕਾਰੀ ਅਫ਼ਸਰ, ਨਗਰ ਕੌਂਸਲ ਸੰਗਰੂਰ, ਗੁਰਮੇਹਰ ਸਿੰਘ, ਐਸ.ਡੀ.ਓ. ਅਤੇ ਮਿਸ ਰਿਤਾਕਸ਼ੀ ਧਾਰੀਵਾਲ, ਜੇ.ਈ. ਪੀ.ਪੀ.ਸੀ.ਬੀ. ਖੇਤਰੀ ਦਫ਼ਤਰ ਸੰਗਰੂਰ, ਸ਼ਿਆਮ ਕੁਮਾਰ, ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ ਸੰਗਰੂਰ ਸੰਗਰੂਰ ਅਤੇ ਧਰੁਵ ਸੂਰੀ, ਫੈਲੋ, ਪੀ.ਪੀ.ਸੀ.ਬੀ. ਸ਼ਾਮਲ ਹੋਏ।


