ਵਧੀਕ ਡਿਪਟੀ ਕਮਿਸ਼ਨਰ ਨੇ ਸਟਰਾਂਗ ਰੂਮ/ਗਿਣਤੀ ਕੇਂਦਰ ਦਾ ਕੀਤਾ ਦੌਰਾ
ਅਹਿਮਦਗੜ੍ਹ/ਮਾਲੇਰਕੋਟਲਾ, 09 ਦਸੰਬਰ -
ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਵੱਲੋਂ ਗਾਂਧੀ ਸਕੂਲ ਅਹਿਮਦਗੜ੍ਹ ਦਾ ਦੌਰਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਬਲਾਕ ਅਹਿਮਦਗੜ੍ਹ ਵਿਖੇ ਤਿਆਰ ਕੀਤੇ ਗਏ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦੀ ਸੁਰੱਖਿਆ ਵਿਵਸਥਾਵਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਗਿਣਤੀ ਕੇਂਦਰਾਂ ਵਿਖੇ ਲਗਾਏ ਜਾ ਰਹੇ ਕਾਊਂਟਿੰਗ ਟੇਬਲ, ਬੈਰੀਕੇਡਿੰਗ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਕਸ਼ੀਅਨ ਪੀ.ਐਸ.ਪੀ.ਸੀ.ਐਲ-ਕਮ ਰਿਟਰਨਿੰਗ ਅਫ਼ਸਰ ਪੰਚਾਇਤ ਸੰਮਤੀ ਅਹਿਮਦਗੜ੍ਹ ਇੰਜ਼. ਹਰਵਿੰਦਰ ਸਿੰਘ ਧੀਮਾਨ, ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ, ਐਸ.ਡੀ.ਐਮ ਅਹਿਮਦਗੜ੍ਹ ਦਫਤਰ ਤੋਂ ਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਕਾਊਂਟਿੰਗ ਸੈਂਟਰ ਦੀ ਸਫਾਈ ਦੇ ਨਾਲ ਨਾਲ ਪਖਾਣਿਆਂ ਅਤੇ ਆਲੇ ਦੁਆਲੇ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਇੰਤਜ਼ਾਮ ਕੜੀ ਨਿਗਰਾਨੀ ਹੇਠ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਪ੍ਰਬੰਧਾਂ ਦੇ ਨਾਲ- ਨਾਲ ਚੋਣ ਸਮੱਗਰੀ ਦੀ ਸੁਰੱਖਿਅਤ ਰਖਵਾਲੀ, 24*7 ਨਿਗਰਾਨੀ ਅਤੇ ਐਮਰਜੈਂਸੀ ਸਥਿਤੀਆਂ ਲਈ ਤੁਰੰਤ ਕਾਰਵਾਈ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰਾ ਸਟਾਫ ਆਪਣੀਆਂ ਡਿਊਟੀਆਂ ਨੂੰ ਸਮੇਂ ਸਿਰ ਅਤੇ ਜ਼ਿੰਮੇਵਾਰੀ ਨਾਲ ਨਿਭਾਏ, ਤਾਂ ਜੋ ਚੋਣ ਪ੍ਰਕਿਰਿਆ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਹੋ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਢੁਕਵੀਂ ਸੁਰੱਖਿਆ ਤੈਨਾਤੀ ਯੋਜਨਾ ਉਲੀਕਣ, ਤਾਂ ਜੋ ਸਟਰਾਂਗ ਰੂਮ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


