ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਹੈਲਪਲਾਈਨ ਨੰਬਰ 'ਤੇ ਹੁਣ ਤੱਕ 590 ਸ਼ਿਕਾਇਤਾਂ ਹੋਈਆਂ ਦਰਜ, 83 ਨਸ਼ਾ ਤਸਕਰੀ, 35 ਜ਼ਬਰਨ ਵਸੂਲੀ, 43 ਗੈਂਗਸਟਰਾਂ ਖਿਲਾਫ਼, 86 ਗੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ ਅਤੇ 63 ਗੰਭੀਰ ਮਾਮਲਿਆਂ ਵਿੱਚ ਐਫਆਈਆਰ ਦਰਜ ਹੋਈ: ਪੰਨੂ
ਸਰਕਾਰ ਦੀ ਇਸ ਲੜਾਈ ਵਿੱਚ ਪੰਜਾਬ ਦੀ ਜਨਤਾ ਦਾ ਬੇਖੌਫ਼ ਅੱਗੇ ਆਉਣਾ ਏਜੀਟੀਐਫ ਅਤੇ ਮਾਨ ਸਰਕਾਰ 'ਤੇ ਭਰੋਸੇ ਨੂੰ ਦਰਸਾਉਂਦਾ ਹੈ: ਪੰਨੂ
ਸੂਬੇ ਨੂੰ ਅਪਰਾਧ ਮੁਕਤ ਅਤੇ ਸੁਰੱਖਿਅਤ ਬਣਾਉਣ ਦੀ ਮਾਨ ਸਰਕਾਰ ਦੀ ਇਹ ਮੁਹਿੰਮ ਗੈਂਗਸਟਰਵਾਦ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ: ਪੰਨੂ
ਚੰਡੀਗੜ੍ਹ, 28 ਮਾਰਚ 2026 :- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੈਂਗਸਟਰਾਂ ਦੇ ਸਫ਼ਾਏ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਨਤਾ ਦਾ ਬੇਮਿਸਾਲ ਸਮਰਥਨ ਮਿਲ ਰਿਹਾ ਹੈ। ਪੰਨੂ ਨੇ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਜਾਰੀ ਕੀਤੇ ਗਏ ਵਿਸ਼ੇਸ਼ ਹੈਲਪਲਾਈਨ ਨੰਬਰ 'ਤੇ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਅੱਗੇ ਆ ਕੇ ਪੁਲਿਸ ਦੀ ਮਦਦ ਕੀਤੀ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਹੁਣ ਸੂਬੇ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਬਚੀ ਹੈ।
ਬਲਤੇਜ ਪੰਨੂ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਹੈਲਪਲਾਈਨ 'ਤੇ ਹੁਣ ਤੱਕ ਲਗਭਗ 590 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਪਹਿਲ ਸ਼ਿਕਾਇਤਕਰਤਾ ਦੀ ਸੁਰੱਖਿਆ ਹੈ, ਇਸ ਲਈ ਸੂਚਨਾ ਦੇਣ ਵਾਲੇ ਹਰ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਪ੍ਰਾਪਤ ਸ਼ਿਕਾਇਤਾਂ ਵਿੱਚੋਂ 83 ਸ਼ਿਕਾਇਤਾਂ ਨਸ਼ਾ ਤਸਕਰੀ ਵਿਰੁੱਧ, 35 ਜ਼ਬਰਨ ਵਸੂਲੀ (ਫਿਰੌਤੀ), 43 ਗੈਂਗਸਟਰਾਂ ਨਾਲ ਸਬੰਧਤ ਅਤੇ 86 ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਹੁਣ ਤੱਕ 63 ਗੰਭੀਰ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
ਪੰਨੂ ਨੇ ਅੱਗੇ ਕਿਹਾ ਕਿ ਦਰਜ ਕੀਤੀਆਂ ਗਈਆਂ ਇਨ੍ਹਾਂ ਐਫਆਈਆਰਜ਼ ਵਿੱਚ ਵੱਖ-ਵੱਖ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਨੈੱਟਵਰਕ ਦੀ ਕਮਰ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਨਿਡਰ ਹੋ ਕੇ ਸ਼ਿਕਾਇਤ ਦਰਜ ਕਰਵਾਉਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਨਤਾ ਨੂੰ 'ਐਂਟੀ-ਗੈਂਗਸਟਰ ਟਾਸਕ ਫੋਰਸ' ਅਤੇ ਮਾਨ ਸਰਕਾਰ ਦੀ ਨੀਅਤ 'ਤੇ ਪੂਰਾ ਭਰੋਸਾ ਹੈ। ਕਈ ਹੋਰ ਸ਼ਿਕਾਇਤਾਂ 'ਤੇ ਅਜੇ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਜਿਨ੍ਹਾਂ 'ਤੇ ਜਲਦੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਲਤੇਜ ਪੰਨੂ ਨੇ ਕਿਹਾ ਕਿ ਜਨਤਾ ਦੇ ਇਸੇ ਅਟੁੱਟ ਵਿਸ਼ਵਾਸ ਕਾਰਨ ਹੀ ਅੱਜ ਏਜੀਟੀਐਫ ਨੂੰ ਗੈਂਗਸਟਰਵਾਦ ਵਿਰੁੱਧ ਜੰਗ ਵਿੱਚ ਇੰਨੀ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਨੂੰ ਅਪਰਾਧ ਮੁਕਤ ਅਤੇ ਸੁਰੱਖਿਅਤ ਬਣਾਉਣ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਸਫ਼ਾਇਆ ਨਹੀਂ ਹੋ ਜਾਂਦਾ।

