ਗੁਰੂ ਸਾਹਿਬਾਨ ਦੇ ਫਲਸਫੇ ਮੁਤਾਬਿਕ ਸੇਵਾਵਾਂ ਕਰ ਰਿਹਾ ਹੈ ਗੁਰੂ ਨਾਨਕ ਮੋਦੀਖਾਨਾ : ਸਪੀਕਰ ਸੰਧਵਾਂ
ਕੋਟਕਪੂਰਾ, 10 ਨਵੰਬਰ ( ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਦੇ ਸੇਵਾਦਾਰਾਂ ਦਾ ਉਪਰਾਲਾ ਗਰੀਬਾਂ ਅਤੇ ਲੋੜਵੰਦਾਂ ਲਈ ਮਸੀਹਾ ਸਾਬਿਤ ਹੋ ਰਿਹਾ ਹੈ। ਗੁੱਡ ਮੌਰਨਿੰਗ ਵੈਲਫੇਅਰ ਕਲੱਬ, ਅਰੋੜਬੰਸ ਸਭਾ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਸਾਂਝੇ ਉਪਰਾਲੇ ਨਾਲ ਗੁਰੂ ਨਾਨਕ ਮੋਦੀਖਾਨਾ ਵਿਖੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਚੱਲਦਿਆਂ ਅਤੇ ਲੋੜਵੰਦਾਂ ਦੀ ਮੱਦਦ ਦੇ ਮੱਦੇਨਜਰ ਨਵੇਂ-ਪੁਰਾਣੇ ਗਰਮ ਕੱਪੜੇ, ਕਾਪੀਆਂ-ਕਿਤਾਬਾਂ ਅਤੇ ਹੋਰ ਵਰਤਣਯੋਗ ਵਸਤੂਆਂ ਪਹੁੰਚਾਉਣ ਵਾਲੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਰੂ ਸਾਹਿਬਾਨ ਦੇ ਫਲਸਫੇ ਮੁਤਾਬਿਕ ਗਰੀਬ, ਬੇਵੱਸ, ਲਾਚਾਰ, ਮੁਥਾਜ ਅਤੇ ਲੋੜਵੰਦਾਂ ਦੀ ਮੱਦਦ ਲਈ ਯਤਨਸ਼ੀਲ ਰਹਿਣ ਵਾਲੇ ਗੁਰੂ ਨਾਨਕ ਮੋਦੀਖਾਨਾ ਦੇ ਸੇਵਾਦਾਰਾਂ ਦੀ ਘਾਲਣਾ ਦੀ ਇਲਾਕੇ ਭਰ ਵਿੱਚ ਖੂਬ ਪ੍ਰਸੰਸਾ ਹੋ ਰਹੀ ਹੈ।
ਜਥੇਬੰਦੀ ਦੇ ਸੰਸਥਾਪਕ ਹਰਪ੍ਰੀਤ ਸਿੰਘ ਖਾਲਸਾ ਨੇ ਸਪੀਕਰ ਸੰਧਵਾਂ ਸਮੇਤ ਸਮੂਹ ਮਹਿਮਾਨਾ ਨੂੰ ਜੀ ਆਇਆਂ ਆਖ ਕੇ ਉਹਨਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੁਣ ਤੱਕ 37 ਹਜਾਰ ਤੋਂ ਜਿਆਦਾ ਪਰਿਵਾਰਾਂ ਦੀ ਇਲਾਜ, ਦਵਾਈਆਂ, ਸਕੂਲਾਂ-ਕਾਲਜਾਂ ਦੀ ਫੀਸ, ਮਕਾਨ ਦੀ ਉਸਾਰੀ, ਨਵ ਨਿਰਮਾਣ, ਵਿਆਹ ਵਿੱਚ ਮੱਦਦ, ਬੇਵੱਸ ਅਤੇ ਲਾਚਾਰਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਅੰਤਿਮ ਸਸਕਾਰ ਮੌਕੇ ਮੱਦਦ ਕੀਤੀ ਜਾ ਚੁੱਕੀ ਹੈ। ਉਹਨਾ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਤੋਂ ਇਲਾਵਾ ਹੜਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਬੇਸ਼ੱਕ ਦਾਨੀ ਸੱਜਣਾ ਦਾ ਪੂਰਾ ਸਹਿਯੋਗ ਲਿਆ ਜਾਂਦਾ ਹੈ ਪਰ ਲੋੜਵੰਦ ਦੀ ਮੱਦਦ ਕਰਨ ਤੋਂ ਪਹਿਲਾਂ ਉਸ ਦੀ ਵਿਧੀ ਵੱਧ ਤਰੀਕੇ ਨਾਲ ਬਕਾਇਦਾ ਪੜਤਾਲ ਵੀ ਹੁੰਦੀ ਹੈ।
ਇਸ ਮੌਕੇ ਡਾ. ਮਨਜੀਤ ਸਿੰਘ ਢਿੱਲੋਂ, ਪ੍ਰੋ. ਐਚ.ਐਸ. ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਅਮਰਦੀਪ ਸਿੰਘ ਦੀਪਾ ਆਦਿ ਨੇ ਵੀ ਸੰਬੋਧਨ ਕਰਦਿਆਂ ਆਖਿਆ ਕਿ ਪਹਿਲਾਂ ਗੁੱਡ ਮੌਰਨਿੰਗ ਕਲੱਬ ਵੱਲੋਂ ਮੌਕੇ ’ਤੇ ਹੀ ਲੋੜਵੰਦ ਲਈ ਰਾਸ਼ੀ ਇਕੱਤਰ ਕਰਕੇ ਸਬੰਧਤ ਵਿਅਕਤੀ ਵਿਸ਼ੇਸ਼ ਨੂੰ ਸੌਂਪ ਦਿੱਤੀ ਜਾਂਦੀ ਸੀ ਪਰ ਹੁਣ ਗੁਰੂ ਨਾਨਕ ਮੋਦੀਖਾਨਾ ਰਾਹੀਂ ਪਹਿਲਾਂ ਲੋੜਵੰਦ ਦੀ ਜਰੂਰਤ ਸਬੰਧੀ ਬਕਾਇਦਾ ਪੜਤਾਲ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਮੱਦਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ।
ਇਸ ਮੌਕੇ ਸੁਰਿੰਦਰ ਸਿੰਘ ਸ. ਦਿਉੜਾ, ਜਸਕਰਨ ਸਿੰਘ ਭੱਟੀ, ਸੁਨੀਲ ਕੁਮਾਰ ਬਿੱਟਾ ਗਰੋਵਰ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਲੈਕ. ਵਿਨੋਦ ਧਵਨ, ਦਰਸ਼ਨ ਸਿੰਘ ਆਰੇਵਾਲਾ, ਗੁਰਚਰਨ ਸਿੰਘ ਬਰਾੜ, ਇੰਦਰਜੀਤ ਸਿੰਘ ਨਿਆਮੀਵਾਲਾ, ਡਾ. ਦੇਵ ਰਾਜ, ਭੀਮ ਸੈਨ, ਗੁਰਮੀਤ ਸਿੰਘ ਮੀਤਾ, ਵਰਿੰਦਰਪਾਲ ਸਿੰਘ ਅਰਨੇਜਾ, ਸੁਖਰਾਜ ਸਿੰਘ ਰਾਜਾ, ਗੁਰਵਿੰਦਰ ਸਿੰਘ ਸਿਵੀਆਂ, ਰਘਬੀਰ ਸਿੰਘ, ਬਸੰਤ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਚਦੇਵਾ, ਅਮਨਦੀਪ ਕੌਰ ਆਦਿ ਵੀ ਹਾਜਰ ਸਨ।


