ਹਰਜੋਤ ਬੈਂਸ ਵੱਲੋਂ ਕੀਤੇ ਵਾਅਦੇ ਪੂਰੇ, ਹਲਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਨੰਗਲ 16 ਫਰਵਰੀ: ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਹਲਕੇ ਵਿੱਚ ਕੀਤੇ ਗਏ ਵਿਕਾਸੀ ਵਾਅਦਿਆਂ ਨੂੰ ਅਮਲੀ ਰੂਪ ਦੇਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਹੜ੍ਹ ਰਾਹਤ ਕਾਰਜ ਸ਼ੁਰੂ ਹੋਣ ਨਾਲ ਦਰਿਆਈ ਕੰਢਿਆਂ ’ਤੇ ਵਸਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ਲਈ ਇਹ ਯੋਜਨਾਵਾਂ ਜੀਵਨ ਅਤੇ ਜਾਇਦਾਦ ਦੀ ਸੁਰੱਖਿਆ ਵੱਲ ਇਕ ਵੱਡਾ ਕਦਮ ਹਨ। ਇਸ ਨਾਲ ਖੇਤੀਬਾੜੀ ਨੂੰ ਹੋਣ ਵਾਲੇ ਨੁਕਸਾਨ ’ਚ ਵੀ ਕਮੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਸੇ ਤਰ੍ਹਾਂ ਹਲਕੇ ਦੀਆਂ ਲਗਭਗ 140 ਕਿਲੋਮੀਟਰ ਸੰਪਰਕ ਸੜਕਾਂ ਦੇ ਨਵੀਨੀਕਰਨ ਅਤੇ ਉਨ੍ਹਾਂ ਨੂੰ 18 ਫੁੱਟ ਚੌੜਾ ਕਰਨ ਦਾ ਵਾਅਦਾ ਵੀ ਪੂਰਾ ਕੀਤਾ ਜਾ ਰਿਹਾ ਹੈ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਣ ਵਾਲੀਆਂ ਨਵੀਆਂ ਤੇ ਮਜ਼ਬੂਤ ਸੜਕਾਂ ਨਾਲ ਆਵਾਜਾਈ ਸੁਗਮ ਹੋਣ ਦੇ ਨਾਲ-ਨਾਲ ਵਪਾਰਕ ਸਰਗਰਮੀਆਂ ਨੂੰ ਵੀ ਰਫ਼ਤਾਰ ਮਿਲੀ ਹੈ। ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਕਮਿੱਕਰ ਸਿੰਘ ਡਾਢੀ ਸੰਗਠਨ ਇੰਚਾਰਜ, ਜਸਪਾਲ ਸਿੰਘ ਢਾਹੇ ਜਿਲ੍ਹਾ ਪਰਿਸ਼ਦ ਮੈਂਬਰ , ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਵਿੰਦਰ ਸਿੰਘ ਭੰਗਲਾ ਬਲਾਕ ਇੰਚਾਰਜ, ਰਾਕੇਸ਼ ਵਰਮਾ ਬਲਾਕ ਇੰਚਾਰਜ, ਨਿਤਿਨ ਪੂਰੀ ਭਲਾਨ ਬਲਾਕ ਇੰਚਾਰਜ,ਤਰਸੇਮ ਬੇਲਾ ਧਿਆਨੀ, ਸੁਰਿੰਦਰ ਬੇਲਾ ਧਿਆਨੀ, ਹੈਪੀ ਭੰਗਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੜਕਾਂ ਦੀ ਚੌੜਾਈ ਵਧਣ ਨਾਲ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਤੇਜ਼ੀ ਨਾਲ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ।
ਹੋਲਾ ਮਹੱਲਾ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਕੈਬਨਿਟ ਮੰਤਰੀ ਵੱਲੋਂ ਖੁਦ ਮੌਕੇ ’ਤੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੰਗਤਾਂ ਲਈ ਆਵਾਜਾਈ, ਪੀਣ ਵਾਲਾ ਪਾਣੀ, ਸਫ਼ਾਈ, ਸਿਹਤ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹੇ। 350 ਸਾਲਾ ਸ਼ਹੀਦੀ ਸਮਾਗਮਾਂ ਦੌਰਾਨ ਦੀ ਤਰਾਂ ਇਸ ਵਾਰ ਟ੍ਰੈਫਿਕ ਕੰਟਰੋਲ ਲਈ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ।
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਬਦਲ ਰਹੀ ਨੁਹਾਰ ’ਤੇ ਇਲਾਕੇ ਦੇ ਪ੍ਰਮੁੱਖ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸੀ ਕੰਮਾਂ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਇਲਾਕੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਨੀਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਆਸ ਜਤਾਈ ਕਿ ਵਿਕਾਸ ਦੀ ਇਹ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।

_260129_224019.jpg)