ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਲੋਕ ਅਰਪਣ

ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਲੋਕ ਅਰਪਣ

ਸੰਗਰੂਰ, 09 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਉਪਰੰਤ ਜ਼ਿਲ੍ਹਾ ਅਜਾਇਬ ਘਰ, ਸੰਗਰੂਰ ਨੂੰ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਸਦ ਮੈਂਬਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਬਨਾਸਰ ਬਾਗ਼ ਅੰਦਰ ਬਣਿਆ ਇਹ ਅਜਾਇਬ ਘਰ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਅਤੇ ਰਾਜਸੀ ਵਿਰਾਸਤ ਦਾ ਜੀਉਂਦਾ ਜਾਗਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਮੁਗਲ ਅਤੇ ਰਾਜਸਥਾਨੀ ਸ਼ੈਲੀ ਵਿੱਚ ਤਿਆਰ ਕੀਤੀ ਇਸ ਇਮਾਰਤ ਨੂੰ ਲੰਮੇ ਸਮੇਂ ਤੋਂ ਸੰਭਾਲ ਅਤੇ ਮੁਰੰਮਤ ਦੇ ਕੰਮਾਂ ਕਰ ਕੇ ਬੰਦ ਰੱਖਿਆ ਗਿਆ ਸੀ, ਪਰ ਹੁਣ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੀ ਕਾਇਆ ਕਲਪ ਕਰਕੇ ਮੁੜ ਸ਼ਾਨ-ਸ਼ੌਕਤ ਨਾਲ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਜਾਇਬ ਘਰ ਅੰਦਰ ਜੀਂਦ ਰਿਆਸਤ ਦੇ ਮਹਾਰਾਜਿਆਂ ਨਾਲ ਸਬੰਧਤ ਬੇਹੱਦ ਕੀਮਤੀ ਅਤੇ ਦੁਰਲੱਭ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇੱਥੇ ਮਹਾਰਾਜਾ ਗਜਪਤ ਸਿੰਘ, ਮਹਾਰਾਜਾ ਭਾਗ ਸਿੰਘ ਅਤੇ ਮਹਾਰਾਜਾ ਸੰਗਤ ਸਿੰਘ ਦੇ ਨਿੱਜੀ ਹਥਿਆਰ, ਪੁਰਾਤਨ ਪਿਸਤੌਲਾਂ, ਰਾਜਸੀ ਤਸਵੀਰਾਂ, ਸੋਨੇ ਦੀ ਕਾਰੀਗਰੀ ਵਾਲੀ ਕਿਰਪਾਨ, ਪੁਰਾਤਨ ਸਿੱਕੇ, ਸ਼੍ਰੀ ਭਗਵਤ ਪੁਰਾਣ ਅਤੇ ਹੋਰ ਵਿਰਾਸਤੀ ਸਮੱਗਰੀ ਦੇਖਣ ਲਈ ਉਪਲਬਧ ਹੈ।

ਸੰਸਦ ਮੈਂਬਰ ਨੇ ਦੱਸਿਆ ਕਿ ਇਸ ਇਮਾਰਤ ਦੀ ਇਤਿਹਾਸਕ ਮਹੱਤਤਾ ਵੀ ਬਹੁਤ ਵੱਡੀ ਹੈ ਕਿਉਂਕਿ ਇਹ ਉਹੀ ਦਰਬਾਰ ਹਾਲ ਹੈ ਜਿੱਥੇ ਜੀਂਦ ਰਿਆਸਤ ਦੇ ਪ੍ਰਬੰਧ ਚਲਾਏ ਜਾਂਦੇ ਸਨ ਅਤੇ ਮਹਾਰਾਜਾ ਰਣਬੀਰ ਸਿੰਘ ਨੇ ਲੰਬੇ ਸਮੇਂ ਤੱਕ ਇੱਥੋਂ ਰਾਜ ਸੰਭਾਲਿਆ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਨੀਂਹ 1870 ਵਿੱਚ ਮਹਾਰਾਜਾ ਰਘਬੀਰ ਸਿੰਘ ਵੱਲੋਂ ਰੱਖੀ ਗਈ ਸੀ ਅਤੇ ਇਸ ਦੀ ਛੱਤ ਦਾ ਸ਼ਾਨਦਾਰ ਸੋਨੇ ਦਾ ਕੰਮ ਈਰਾਨੀ ਕਲਾਕਾਰਾਂ ਨੇ ਕੀਤਾ ਸੀ, ਜਦਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਵੱਲੋਂ ਲੱਕੜ ਦੀ ਬੇਮਿਸਾਲ ਨਕਾਸ਼ੀ ਅਤੇ ਸਜਾਵਟ ਕੀਤੀ ਗਈ ਸੀ।

ਇਮਾਰਤ ਦੀ ਛੱਤ ਉੱਤੇ ਕਲਾ-ਕਿਰਤ ਅਤੇ ਗੋਲਡ ਲੀਫਿੰਗ ਦੀ ਮੁੜ ਮੁਰੰਮਤ, ਚੂਨੇ ਅਤੇ ਕਨਕਰੀਟ ਨਾਲ ਮਜ਼ਬੂਤੀ, ਵਿਰਾਸਤੀ ਝੂਮਰਾਂ ਦੀ ਸੰਭਾਲ, ਪਿੱਤਲ ਦੇ ਦਰਵਾਜ਼ਿਆਂ ਦੀ ਫਿਟਿੰਗ, ਸੈਂਡ ਸਟੋਨ ਫਰਸ਼, ਨੀਂਹ ਦੀ ਮਜ਼ਬੂਤੀ, ਲੱਕੜ ਦੀ ਪਾਲਿਸ਼ ਅਤੇ ਰੌਸ਼ਨੀ ਪ੍ਰਬੰਧ ਦੇ ਅਧੁਨੀਕੀਕਰਨ ਵਰਗੇ ਅਹਿਮ ਕੰਮ ਕੀਤੇ ਗਏ ਹਨ।

ਇਸ ਮੌਕੇ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਅਜਾਇਬ ਘਰ ਸੰਗਰੂਰ ਦੀ ਪਹਿਚਾਣ ਹੈ ਅਤੇ ਇਸ ਦੀ ਮੁੜ ਸ਼ੁਰੂਆਤ ਨਾਲ ਸਿਰਫ਼ ਇਤਿਹਾਸਕ ਵਿਰਾਸਤ ਦੀ ਸੰਭਾਲ ਨਹੀਂ ਹੋਵੇਗੀ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵੱਲੋਂ ਅਜਾਇਬ ਘਰ ਦਾ ਦੌਰਾ ਕਰਕੇ ਵੱਖ-ਵੱਖ ਗੈਲਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਦੀ ਮੁੜ ਸ਼ੁਰੂਆਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਜੀਂਦ ਰਿਆਸਤ ਤੇ ਸੰਗਰੂਰ ਅਤੇ ਇਸ ਦੀਆਂ ਇਮਾਰਤਾਂ ਬਾਬਤ ਖ਼ੋਜ ਕਾਰਜ ਕਰਨ ਵਾਲੇ ਸ਼੍ਰੀ ਰਾਜੀਵ ਜਿੰਦਲ ਨੇ ਸੰਗਰੂਰ ਦੀਆਂ ਵੱਖ ਵੱਖ ਵਿਰਾਸਤੀ ਇਮਾਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਰਤਾਜ ਸਿੰਘ ਚਾਹਲ, ਐੱਸ.ਈ. ਸੈਰ ਸਪਾਟਾ ਵਿਭਾਗ ਸ੍ਰ. ਬੀ.ਐੱਸ. ਚਾਨਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ। 

Advertisement

Latest News

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵਾਲ ਉਠਾਉਣਾ ਪੰਥ 'ਤੇ ਸਿੱਧਾ ਹਮਲਾ ਹੈ, ਸੁਖਬੀਰ ਬਾਦਲ ਨੂੰ ਇਸ ਹਮਲੇ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ: ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵਾਲ ਉਠਾਉਣਾ ਪੰਥ 'ਤੇ ਸਿੱਧਾ ਹਮਲਾ ਹੈ, ਸੁਖਬੀਰ ਬਾਦਲ ਨੂੰ ਇਸ ਹਮਲੇ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ: ਹਰਜੋਤ ਸਿੰਘ ਬੈਂਸ
*ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵਾਲ ਉਠਾਉਣਾ ਪੰਥ 'ਤੇ ਸਿੱਧਾ ਹਮਲਾ ਹੈ, ਸੁਖਬੀਰ ਬਾਦਲ ਨੂੰ ਇਸ ਹਮਲੇ ਲਈ ਜਵਾਬਦੇਹ ਠਹਿਰਾਇਆ...
ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਵੱਲੋਂ ਅਪਣਾਏ 38 ਉੱਤਮ ਕਲਾਸਰੂਮ ਅਭਿਆਸਾਂ ਦਾ ਸੰਗ੍ਰਹਿ ਕੀਤਾ ਜਾਰੀ
ਪੰਜਾਬ ਵਿੱਚ 1.30 ਲੱਖ ਏਕੜ ਮੀਂਹ, ਗੜੇਮਾਰੀ; ਗੁਰਮੀਤ ਖੁੱਡੀਆਂ ਨੇ ਕੇਂਦਰ ਨੂੰ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਟੀਮ ਭੇਜਣ ਦੀ ਅਪੀਲ ਕੀਤੀ, ਤੁਰੰਤ ਰਾਹਤ ਦੀ ਮੰਗ ਕੀਤੀ
ਵਿਸ਼ਵ ਸਿਹਤ ਦਿਵਸ ਮੌਕੇ ਸੀਐਚਸੀ ਭਰਤਗੜ੍ਹ ਵਿੱਚ ਜਾਗਰੂਕਤਾ ਸਮਾਗਮ ਆਯੋਜਿਤ
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ
ਡਿਪਟੀ ਕਮਿਸ਼ਨਰ ਵੱਲੋਂ ਰੂਪਨਗਰ ਅਨਾਜ ਮੰਡੀ ਦਾ ਅਚਨਚੇਤ ਦੌਰਾ
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਲੋਕ ਅਰਪਣ