ਕੈਬਨਿਟ ਮੰਤਰੀ ਨੇ ਗੜਿਆਂ ਅਤੇ ਬਰਸਾਤ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ
ਲੰਬੀ/ਸ੍ਰੀ ਮੁਕਤਸਰ ਸਾਹਿਬ, 06 ਨਵੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਗੜਿਆਂ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਲੋਂ ਹਲਕਾ ਲੰਬੀ ਦੇ ਪਿੰਡ ਗੁਰੂਸਰ ਜੋਧਾ, ਛਾਪਿਆਂ ਵਾਲੀ, ਬੁਰਜ ਸਿੱਧਵਾਂ, ਸ਼ਾਮਖੇੜਾ, ਪੱਕੀ ਟਿੱਬੀ ਅਤੇ ਡੱਬਵਾਲੀ ਢਾਬ ਵਿਖੇ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਉਸ ਸਬੰਧੀ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੀਤੀ ਦਿਨੀਂ ਬਰਸਾਤ ਤੇ ਗੜਿਆਂ ਦੀ ਕੁਦਰਤੀ ਆਫਤ ਨਾਲ ਝੋਨੇ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ, ਇਸ ਲਈ ਉਹਨਾਂ ਵੱਲੋਂ ਐਸ.ਡੀ.ਐੱਮ. ਮਲੋਟ ਸ੍ਰੀ ਜੁਗਰਾਜ ਸਿੰਘ ਕਾਹਲੋਂ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆ ਕਿਹਾ ਕਿ ਕੁਦਰਤੀ ਆਫਤ ਨਾਲ ਹੋਏ ਇਸ ਨੁਕਸਾਨ ਦਾ ਮੁਆਵਜਾ ਜਲਦੀ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬੰਧਤ ਪਟਵਾਰੀਆਂ ਨੂੰ ਹਦਾਇਤ ਕਰਕੇ ਹੋਏ ਖਰਾਬੇ ਦੀ ਗਰਦੌਰੀ ਜਲਦੀ ਕਰਵਾਈ ਜਾਵੇ, ਤਾਂ ਜੋ ਕਿਸਾਨਾਂ ਦੇ ਫਸਲੀ ਨੁਕਸਾਨ ਦਾ ਮੁਆਵਜਾ ਬਣਾਉਣ ਵਿੱਚ ਦੇਰੀ ਨਾ ਹੋਵੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਪਹਿਲਾਂ ਵੀ ਬਾਰਿਸ਼ਾਂ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜੇ ਲਗਾਤਾਰ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ।


