ਗੰਬੁਸ਼ੀਆ ਮੱਛੀ ਮਲੇਰੀਆ ਤੋਂ ਬਚਾਅ ਦਾ ਕੁਦਰਤੀ ਤਰੀਕਾ- ਡਾ.ਜੰਗਜੀਤ ਸਿੰਘ
ਕੀਰਤਪੁਰ ਸਾਹਿਬ 10 ਜੂਨ ()
ਸਿਹਤ ਵਿਭਾਗ ਦੀ ਟੀਮ ਨੇ ਮਲੇਰੀਆ ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਤਲਾਅ ਵਿੱਚ ਗੰਬੁਸ਼ੀਆ ਮੱਛੀਆਂ ਛੱਡਣ ਦਾ ਉਪਰਾਲਾ ਕੀਤਾ ਹੈ।
ਡਾਕਟਰ ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਡਾ.ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਅਧੀਨ ਆਉਂਦੇ ਵੱਖ ਵੱਖ ਖੇਤਰਾਂ ਵਿਚ ਬਣੇ ਤਲਾਅ ਅਤੇ ਖੜ੍ਹੇ ਪਾਣੀ ਵਾਲੇ ਸਰੋਤਾਂ ਵਿਚ ਗੰਬੁਸ਼ੀਆ ਮੱਛੀਆਂ ਛੱਡੀਆਂ ਗਈਆਂ। ਉਹਨਾਂ ਦੱਸਿਆ ਕਿ ਗੰਬੁਸ਼ੀਆ ਮੱਛੀ, ਮੱਛਰਾਂ ਦਾ ਲਾਰਵਾ ਖਾ ਕੇ ਉਨ੍ਹਾਂ ਦੀ ਆਬਾਦੀ ਉੱਤੇ ਕਾਬੂ ਪਾਉਣ ਦਾ ਇੱਕ ਕੁਦਰਤੀ ਤਰੀਕਾ ਹੈ। ਇਹ ਮੱਛੀਆਂ ਖਾਸ ਕਰਕੇ ਮਲੇਰੀਆ ਫੈਲਾਉਣ ਵਾਲੇ ਐਨੋਫਿਲੀਜ਼ ਮੱਛਰ ਦੇ ਲਾਰਵਾ ਨੂੰ ਨਸ਼ਟ ਕਰਦੀਆਂ ਹਨ। ਡਾ.ਜੰਗਜੀਤ ਸਿੰਘ ਨੇ ਕਿਹਾ ਕਿ ਇਹ ਪਹਿਲ ਸਿਹਤ ਵਿਵਸਥਾ ਵਿੱਚ ਸੁਧਾਰ ਅਤੇ ਮਲੇਰੀਆ ਦੇ ਖਤਰੇ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਹੈ। ਉਹਨਾਂ ਕਿਹਾ ਕਿ ਇਹ ਪਹਿਲ ਸਿਰਫ਼ ਮਲੇਰੀਆ ਹੀ ਨਹੀਂ, ਸਗੋਂ ਡੇਂਗੂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਮਦਦਗਾਰ ਸਾਬਿਤ ਹੋ ਸਕਦੀ ਹੈ।
ਇਸ ਮੌਕੇ ਹੈਲਥ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਨਾਨਗਰਾਂ, ਭਨਾਮ ਅਤੇ ਸਮਲਾਹ ਵਿਖੇ ਬਣੇ ਟੋਬਿਆਂ ਵਿਚ ਗੰਬੁਸ਼ੀਆ ਮੱਛੀਆਂ ਛੱਡੀਆਂ ਗਈਆਂ। ਉਹਨਾਂ ਕਿਹਾ ਕਿ ਤਲਾਅ ਵਿਚ ਮੱਛੀਆਂ ਛੱਡਣ ਦੀ ਪਹਿਲ ਸਿਰਫ਼ ਤਬਦੀਲੀ ਦੀ ਸ਼ੁਰੂਆਤ ਨਹੀਂ, ਸਗੋਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਮੱਛਰ ਜਨਿਤ ਰੋਗਾਂ ਦੇ ਸੰਭਾਵਿਤ ਖ਼ਤਰੇ ਨੂੰ ਰੋਕਣ ਦਾ ਇੱਕ ਕੁਦਰਤੀ, ਨੁਕਸਾਨ ਰਹਿਤ ਅਤੇ ਟਿਕਾਊ ਹੱਲ ਹੈ। ਉਹਨਾਂ ਕਿਹਾ ਕਿ ਇਨ੍ਹਾਂ ਮੱਛੀਆਂ ਨੂੰ ਛੱਡਣ ਨਾਲ ਦਵਾਈਆਂ ਜਾਂ ਕੈਮੀਕਲ ਦੇ ਛਿੜਕਾਅ ਕਾਰਨ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਰਤਿਕਾ ਉਬਰਾਏ,ਐੱਸ.ਐੱਮ.ਆਈ ਸਿਕੰਦਰ ਸਿੰਘ,ਹੈਲਥ ਇੰਸਪੈਕਟਰ ਸੁਖਦੀਪ ਸਿੰਘ, ਸੀ.ਐੱਚ.ਓ ਅਰਵਿੰਦ ਕੌਰ, ਅੰਜੂ, ਪੂਜਾ, ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ, ਸੰਜੀਵ ਕੁਮਾਰ, ਪਰਮਿੰਦਰ ਸਿੰਘ, ਅਮਿਤ ਸ਼ਰਮਾ, ਨਵਜੀਤ ਸੰਧੂ, ਜਸਦੀਪ ਸਿੰਘ, ਸੱਜਣ ਕੁਮਾਰ, ਏ.ਐੱਨ.ਐੱਮ ਰੇਣੂਕਾ ਅਤੇ ਕਵਿਤਾ, ਸਰਪੰਚ ਦੇਵਰਾਜ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।