FIFA World Cup 2026: ਫਰਾਂਸ ਦਾ ਸੈਮੀਫਾਈਨਲ ਵਿੱਚ ਸਫ਼ਰ ਖ਼ਤਮ, ਸਪੇਨ ਨੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਾਰੀ ਧਮਾਕੇਦਾਰ ਐਂਟਰੀ
Arlington,15,July,2026,(Azad Soch News):- ਫੀਫਾ ਵਿਸ਼ਵ ਕੱਪ 2026 (FIFA World Cup 2026) ਵਿੱਚ ਫਰਾਂਸ ਦਾ ਸਫ਼ਰ ਖ਼ਤਮ ਹੋ ਗਿਆ ਹੈ। ਟੂਰਨਾਮੈਂਟ ਵਿੱਚ ਹੁਣ ਤੱਕ ਆਪਣੇ ਸਾਰੇ ਮੈਚ ਜਿੱਤਣ ਵਾਲੀ ਫਰਾਂਸ ਦੀ ਟੀਮ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਵਿੱਚ ਉਸਦੀ ਟੱਕਰ ਸਪੇਨ ਨਾਲ ਸੀ। ਸਪੇਨ ਨੇ ਸੈਮੀਫਾਈਨਲ ਮੈਚ 2-0 ਨਾਲ ਜਿੱਤ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। 2010 ਦੀ ਚੈਂਪੀਅਨ ਸਪੇਨ ਦਾ ਫੀਫਾ ਵਿਸ਼ਵ ਕੱਪ (FIFA World Cup) ਵਿੱਚ ਇਹ ਦੂਜਾ ਫਾਈਨਲ ਹੋਵੇਗਾ। ਫਰਾਂਸ ਦੀ ਟੀਮ ਫੀਫਾ ਵਿਸ਼ਵ ਕੱਪ ਵਿੱਚ ਲਗਾਤਾਰ ਤੀਜਾ ਫਾਈਨਲ ਖੇਡਣਾ ਚਾਹੁੰਦੀ ਸੀ, ਪਰ ਉਨ੍ਹਾਂ ਦਾ ਇਹ ਸੁਪਨਾ ਟੁੱਟ ਗਿਆ।ਸਪੇਨ ਨੇ ਮੈਚ ਦੇ 22ਵੇਂ ਮਿੰਟ ਵਿੱਚ ਹੀ ਬੜ੍ਹਤ ਬਣਾ ਲਈ ਸੀ। ਟੀਮ ਨੂੰ ਪੈਨਲਟੀ ਮਿਲੀ ਅਤੇ ਸਟ੍ਰਾਈਕਰ ਮਿਕੇਲ ਓਯਾਰਜ਼ਾਬਲ (Striker Mikel Oyarzabal) ਨੇ ਇਸ 'ਤੇ ਗੋਲ ਦਾਗ ਦਿੱਤਾ। ਓਯਾਰਜ਼ਾਬਲ ਦਾ ਇਸ ਟੂਰਨਾਮੈਂਟ ਵਿੱਚ ਇਹ 5ਵਾਂ ਗੋਲ ਸੀ। ਲੂਕਾਸ ਡਿਗਨੇ ਨੇ ਬਾਕਸ ਦੇ ਅੰਦਰ ਲਾਮਿਨ ਯਮਾਲ 'ਤੇ ਫਾਊਲ ਕੀਤਾ ਸੀ, ਜਿਸ ਕਾਰਨ ਸਪੇਨ ਨੂੰ ਇਹ ਪੈਨਲਟੀ ਮਿਲੀ। ਡਿਫੈਂਡਰ ਦੀ ਭੂਮਿਕਾ ਵਿੱਚ ਖੇਡਣ ਵਾਲੇ ਪੇਡਰੋ ਪੋਰੋ ਨੇ 58ਵੇਂ ਮਿੰਟ ਵਿੱਚ ਸਪੇਨ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।

