ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 11-03-2026 ਅੰਗ 549

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 11-03-2026 ਅੰਗ 549

ਸਲੋਕ ਮਃ ੩

॥ ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ ਮਃ ੩ ॥ ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁਿੜ ਚੋਟਾ ਖਾਏ ॥ ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥ ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥ ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥ ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥ ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥ ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥ ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ ਪਉੜੀ ॥ ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥ ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥ ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥

ਵਿਆਖਿਆ: ਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ, ਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ? ਨਾਨਕ ਜੀ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥ ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ। (ਆਤਮਿਕਤਾ ਤੋਂ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ। (ਮਨੁੱਖ) ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ ਤਾਂ ਜੋ (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ। ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ। ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ। ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ (ਮਰਨ ਵੇਲਾ ਨੇੜੇ ਆ ਜਾਂਦਾ ਹੈ)। ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ। ਜੇ ਜਿਉਂਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ। ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ? ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ। ਨਾਨਕ ਜੀ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥ ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ* *ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ। ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ। ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ। ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Advertisement

Latest News

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਈਰਾਨੀ ਡਰੋਨ ਹਮਲਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਈਰਾਨੀ ਡਰੋਨ ਹਮਲਾ
ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (DXB) 'ਤੇ ਡਰੋਨ ਹਮਲੇ (Drone Attacks) ਵਰਗੀ ਖ਼ਬਰ ਬੇਹੱਦ ਸੰਵੇਦਨਸ਼ੀਲ ਅਤੇ ਚਿੰਤਾਜਨਕ ਹੈ
Xiaomi ਨੇ ਅੱਜ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ, Xiaomi 17 Ultra ਲਾਂਚ ਕੀਤਾ ਹੈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਪੰਜਾਬ ‘ਚ ਵਿਕ ਰਿਹਾ ਦੁੱਧ ਤੇ ਘਿਓ ਸ਼ੁੱਧ ਨਹੀਂ!
ਪੰਜਾਬੀ ਗਾਇਕ ਜੱਸੀ ਦਾ ਡੇਰਿਆਂ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਕਾਫੀ ਚਰਚਾ ਵਿੱਚ
 ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ 14 ਮਾਰਚ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ 
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 11-03-2026 ਅੰਗ 549