ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ 6 ਹੈਲਥ ਸੈਂਟਰਾਂ ’ਤੇ 2.10 ਕਰੋੜ ਖ਼ਰਚੇ ਜਾਣਗੇ - ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ
ਹੁਸ਼ਿਆਰਪੁਰ/ਚੱਬੇਵਾਲ, 12 ਨਵੰਬਰ :
ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਾਰਤਾ ਵਿੱਚ ਕਾਰਜ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ 6 ਹੈਲਥ ਐਂਡ ਵੈਲਨੈਸ ਸੈਂਟਰ ਵੱਖ-ਵੱਖ ਪਿੰਡਾਂ ਵਿੱਚ 2 ਕਰੋੜ 10 ਲੱਖ ਰੁਪਏ ਖ਼ਰਚ ਕੇ ਲੋਕਾਂ ਦੀ ਸੇਵਾ ਲਈ ਸਥਾਪਿਤ ਕੀਤੇ ਜਾ ਰਹੇ ਹਨ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵੱਲੋਂ ਇਨ੍ਹਾਂ ਸੈਂਟਰਾਂ ਦੇ ਕਾਰਜ ਨੂੰ ਆਰੰਭ ਕਰਨ ਸਮੇਂ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਹਲਕੇ ਦੇ 6 ਪਿੰਡਾਂ ਜਿਨ੍ਹਾਂ ਵਿੱਚ ਸਲੇਮਪੁਰ, ਮੜੂਲੀ ਬ੍ਰਾਹਮਣਾਂ, ਬਠੁੱਲਾ, ਸਿੰਘਪੁਰ, ਜੰਡੋਲੀ ਅਤੇ ਸਾਰੰਗਵਾਲ ਸ਼ਾਮਿਲ ਹਨ ਵਿੱਚ ਇਹ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਏ ਜਾ ਰਹੇ ਹਨ ਜਿਨ੍ਹਾਂ ਅੰਦਰ ਹਲਕੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਹਰ ਇੱਕ ਸੈਂਟਰ ਉੱਪਰ ਪੰਜਾਬ ਸਰਕਾਰ ਵੱਲੋਂ 35 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਸਿੱਖਿਆ ਦੀ ਤਰ੍ਹਾਂ ਸਿਹਤ ਸਹੂਲਤਾਂ ਵੀ ਹਰ ਪਰਿਵਾਰ ਦੀ ਮੁੱਢਲੀ ਜਰੂਰਤ ਹੈ ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਪਹੁੰਚ ਕੇ ਲੋਕ ਹਰ ਤਰ੍ਹਾਂ ਦਾ ਇਲਾਜ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ਜਿੱਥੇ ਹਲਕੇ ਅੰਦਰ ਸਿੱਖਿਆ ਕ੍ਰਾਂਤੀ ਤਹਿਤ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਹਲਕਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੀ ਵੱਖ-ਵੱਖ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਹਲਕਾ ਚੱਬੇਵਾਲ ਅੰਦਰ ਸੜਕਾਂ ਦੇ ਨੈਟਵਰਕ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ ਅਤੇ ਜਿੱਥੇ ਕਿਤੇ ਵੀ ਹੋਰ ਜਰੂਰਤ ਹੋਵੇਗੀ ਉੱਥੇ ਕਾਰਜ ਕੀਤੇ ਜਾਣਗੇ, ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵੀ ਆਪਣੇ ਅਖਤਿਆਰੀ ਫੰਡ ਵਿੱਚ ਜਿੱਥੇ ਦੂਜੇ ਵਿਧਾਨ ਸਭਾ ਹਲਕਿਆਂ ਅੰਦਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉੱਥੇ ਹੀ ਵਿਧਾਨ ਸਭਾ ਹਲਕਾ ਚੱਬੇਵਾਲ ਅੰਦਰ ਵੀ ਵੱਡੀ ਗਿਣਤੀ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ।


