ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਹਲਕੇ ਨੂੰ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਹਲਕੇ ਨੂੰ ਵੱਡਾ ਤੋਹਫ਼ਾ

ਧੂਰੀ (ਸੰਗਰੂਰ), 30 ਜੂਨ-      ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਧੂਰੀ ਵਿਖੇ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੋਡ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ, ਜੋ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ 'ਤੇ ਖ਼ਤਮ ਕਰੇਗਾ, ਖੇਤਰੀ ਸੰਪਰਕ ਨੂੰ ਮਜ਼ਬੂਤ ਕਰੇਗਾ ਅਤੇ ਇਲਾਕੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਰਫ਼ਤਾਰ ਦੇਵੇਗਾ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੋਂ ਧੂਰੀ ਤੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਬਿਜਲੀ ਦੀ ਸਿਖਰ ਮੰਗ ਦੇ ਸਫ਼ਲ ਪ੍ਰਬੰਧਨ ਦਾ ਜਾਇਜ਼ਾ ਲਿਆ, ਧੂਰੀ ਅਤੇ ਸੰਗਰੂਰ ਵਿੱਚ ਕੀਤੇ ਗਏ ਪ੍ਰਮੁੱਖ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਸਰਵਉੱਚ ਹਨ।

ਨੀਂਹ ਪੱਥਰ ਰੱਖਣ ਦੀ ਰਸਮ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਧੂਰੀ ਸਬ-ਡਿਵੀਜ਼ਨ ਵਿੱਚ ਰਾਜਪੁਰਾ-ਬਠਿੰਡਾ ਰੇਲਵੇ ਲਾਈਨ 'ਤੇ ਲੈਵਲ ਕਰਾਸਿੰਗ ਨੰਬਰ 62-ਏ ਦੇ ਨਾਲ ਲੱਗਦੀ ਸ਼ੇਰੋਂ ਡਿਸਟ੍ਰੀਬਿਊਟਰੀ (ਸੂਏ) ਦੇ ਉੱਪਰ ਫੁੱਟਪਾਥ ਸਮੇਤ ਇੱਕ ਆਧੁਨਿਕ ਟੂ-ਲੇਨ ਰੋਡ ਓਵਰ ਬ੍ਰਿਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ (ਪੀ.ਆਈ.ਡੀ.ਬੀ.) ਦੇ ਫੰਡਾਂ ਨਾਲ ਇਸ ਪ੍ਰਾਜੈਕਟ ਨੂੰ 54.76 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।”

ਪ੍ਰਾਜੈਕਟ ਦੇ ਕੰਮ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰੇਲਵੇ, ਵਣ ਵਿਭਾਗ, ਬੀ.ਐਸ.ਐਨ.ਐਲ., ਪੀ.ਐਸ.ਪੀ.ਸੀ.ਐਲ. ਅਤੇ ਹੋਰ ਸਬੰਧਤ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਐਨ.ਓ.ਸੀ. ਅਤੇ ਮਨਜ਼ੂਰੀਆਂ ਪਹਿਲਾਂ ਹੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ। ਅਸੀਂ ਇਸ ਪ੍ਰਾਜੈਕਟ ਨੂੰ 18 ਮਹੀਨਿਆਂ ਦੇ ਅੰਦਰ, ਯਾਨੀ ਅਕਤੂਬਰ 2027 ਤੱਕ ਮੁਕੰਮਲ ਕਰਨ ਲਈ ਵਚਨਬੱਧ ਹਾਂ।”

ਇਸ ਪ੍ਰਾਜੈਕਟ ਦੇ ਪ੍ਰਭਾਵ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਰੋਡ ਓਵਰ ਬ੍ਰਿਜ ਧੂਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਵੱਡੀ ਰਾਹਤ ਪ੍ਰਦਾਨ ਕਰੇਗਾ। ਇਹ ਇਲਾਕੇ ਦੇ ਟਰਾਂਸਪੋਰਟ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਨਾਲ-ਨਾਲ ਸੁਰੱਖਿਅਤ, ਨਿਰਵਿਘਨ ਅਤੇ ਤੇਜ਼ ਆਵਾਜਾਈ ਯਕੀਨੀ ਬਣਾਏਗਾ।”

ਇਸ ਨੂੰ ਹਲਕੇ ਲਈ ਇਤਿਹਾਸਕ ਦਿਨ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਧੂਰੀ ਵਿਧਾਨ ਸਭਾ ਹਲਕੇ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਦਿਨ ਹੈ ਕਿਉਂਕਿ ਇੱਥੋਂ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਆਖਰਕਾਰ ਪੂਰੀ ਹੋ ਗਈ ਹੈ।”

ਸੰਤੁਲਿਤ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਲਈ ਪੂਰੀ ਫੰਡਿੰਗ ਆਪਣੇ ਸਰੋਤਾਂ ਤੋਂ ਕੀਤੀ ਹੈ ਤਾਂ ਜੋ ਹੇਠਲਾ ਰੇਲਵੇ ਕਰਾਸਿੰਗ ਖੁੱਲ੍ਹਾ ਰਹੇ, ਜਿਸ ਨਾਲ ਸਥਾਨਕ ਕਾਰੋਬਾਰ ਸੁਰੱਖਿਅਤ ਰਹਿਣਗੇ ਅਤੇ ਸ਼ਹਿਰ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਜਾਵੇਗਾ। ਲੋਕਾਂ ਦੀ ਸਹੂਲਤ ਲਈ ਇੱਕ ਚੱਲਦੀ ਨਹਿਰ ਅਤੇ ਰੇਲਵੇ ਲਾਈਨ ਦੇ ਉੱਪਰ ਬਣਾਇਆ ਜਾ ਰਿਹਾ ਇਹ ਪੁਲ ਇੰਜਨੀਅਰਿੰਗ ਦਾ ਇੱਕ ਬੇਮਿਸਾਲ ਨਮੂਨਾ ਹੈ।”

ਧੂਰੀ ਵਿੱਚ ਕੀਤੇ ਗਏ ਹੋਰ ਵਿਕਾਸ ਕਾਰਜਾਂ ਦੀ ਸੂਚੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕਾਂ ਨੂੰ ਮਿਆਰੀ ਕਿਤਾਬਾਂ ਮੁਹੱਈਆ ਕਰਵਾਉਣ ਲਈ ਧੂਰੀ ਵਿੱਚ ਪਹਿਲਾਂ ਹੀ ਇੱਕ ਆਧੁਨਿਕ ਪਬਲਿਕ ਲਾਇਬ੍ਰੇਰੀ ਸਥਾਪਤ ਕੀਤੀ ਜਾ ਚੁੱਕੀ ਹੈ। ਅਸੀਂ ਸਥਾਨਕ ਸੂਏ ਨੂੰ ਵੀ ਢੱਕ ਕਰ ਦਿੱਤਾ ਹੈ, ਜਿਸ ਨੂੰ ਹੁਣ ਲੋਕਾਂ ਦੇ ਇਕੱਠੇ ਹੋਣ ਲਈ ਇੱਕ ਸ਼ਾਨਦਾਰ ਕਮਿਊਨਿਟੀ ਸਪੇਸ ਵਿੱਚ ਬਦਲਿਆ ਗਿਆ ਹੈ।”

ਇਸ ਮੌਕੇ ਮੁੱਖ ਮੰਤਰੀ ਨੇ ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 19 ਕੌਂਸਲਰ ਜਿਤਾ ਕੇ ਸ਼ਾਨਦਾਰ ਜਿੱਤ ਦਿਵਾਉਣ ਲਈ ਧੂਰੀ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ, “ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਜਲਦੀ ਹੀ ਕੀਤੀ ਜਾਵੇਗੀ।”

ਦਿਨ ਵੇਲੇ ਹੋਏ ਪਿਛਲੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਭਵਿੱਖ ਦੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਓਲੰਪਿਕ ਪੱਧਰ ਦੇ ਵਿਸ਼ਵ ਪੱਧਰੀ ਸਵੀਮਿੰਗ ਪੂਲ ਦਾ ਉਦਘਾਟਨ ਕੀਤਾ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਅੱਜ ਮੈਂ ਸੰਗਰੂਰ ਤੋਂ 50 ਐਲ.ਈ.ਡੀ. ਡਾਕੂਮੈਂਟਰੀ ਵਾਹਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਵਾਹਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮਾਂ (ਡਾਕੂਮੈਂਟਰੀਆਂ) ਦਿਖਾਉਣ ਲਈ ਪੰਜਾਬ ਦੇ ਸਾਰੇ 13,000 ਪਿੰਡਾਂ ਦਾ ਦੌਰਾ ਕਰਨਗੇ।”

ਔਰਤਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਲਕੇ ਪਹਿਲੀ ਜੁਲਾਈ ਤੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਧੂਰੀ ਤੋਂ ਹੀ ਹੋਵੇਗੀ। ਇਸ ਸਕੀਮ ਤਹਿਤ ਹਰ ਯੋਗ ਲਾਭਪਾਤਰੀ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ, ਜਦੋਂ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਜੋ ਔਰਤਾਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਪ੍ਰਾਪਤ ਕਰ ਰਹੀਆਂ ਹਨ, ਉਹ ਵੀ ਇਸ ਲਈ ਯੋਗ ਰਹਿਣਗੀਆਂ।”

ਯੋਜਨਾ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੀਆਂ ਲਗਪਗ 97 ਫੀਸਦੀ ਔਰਤਾਂ ਨੂੰ ਇਸ ਪਹਿਲਕਦਮੀ ਦਾ ਲਾਭ ਮਿਲਣ ਦੀ ਉਮੀਦ ਹੈ। ਸੂਬਾ ਸਰਕਾਰ ਨੇ ਬਜਟ ਵਿੱਚ ਇਸ ਸਕੀਮ ਲਈ 9,300 ਕਰੋੜ ਰੁਪਏ ਅਲਾਟ ਕੀਤੇ ਹਨ। 40 ਲੱਖ ਤੋਂ ਵੱਧ ਔਰਤਾਂ ਪਹਿਲਾਂ ਹੀ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਲਾਭ ਪਹਿਲੀ ਜੁਲਾਈ ਤੋਂ ਹੀ ਲਾਗੂ ਹੋਵੇਗਾ, ਭਾਵੇਂ ਰਜਿਸਟ੍ਰੇਸ਼ਨ ਕਾਰਡ ਬਾਅਦ ਵਿੱਚ ਹੀ ਕਿਉਂ ਨਾ ਮਿਲਣ।”

ਸੂਬੇ ਵਿੱਚ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦਾ ਪਾਵਰ ਗ੍ਰਿੱਡ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ 17,000 ਮੈਗਾਵਾਟ ਤੋਂ ਵੱਧ ਦੀ ਬਿਜਲੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।”

ਝੋਨੇ ਦੀ ਲਵਾਈ ਦੇ ਸੀਜ਼ਨ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਰੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ, ਨਹਿਰਾਂ 106 ਫੀਸਦੀ ਸਮਰੱਥਾ ਨਾਲ ਚੱਲ ਰਹੀਆਂ ਹਨ ਅਤੇ ਸੂਬੇ ਭਰ ਵਿੱਚ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ।”

ਪੰਥਕ ਸੰਸਥਾਵਾਂ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਮੇਰੇ ਅਤੇ ਮੇਰੇ ਪਰਿਵਾਰ ਲਈ ਸਰਵਉੱਚ ਹਨ। ਇਸ ਪਵਿੱਤਰ ਸੰਸਥਾ ਵੱਲੋਂ ਜਾਰੀ ਹਰ ਆਦੇਸ਼ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਇਸ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।” 

Advertisement

Latest News

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਖਾਰਾ ਤੋਂ ਧਾਰਮਿਕ ਯਾਤਰਾ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਖਾਰਾ ਤੋਂ ਧਾਰਮਿਕ ਯਾਤਰਾ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਕੋਟਕਪੂਰਾ, 30 ਜੂਨ:ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਬਲਾਕ ਕੋਟਕਪੁਰਾ ਦੇ ਪਿੰਡ ਖਾਰਾ ਤੋਂ ਸ਼ਰਧਾਲੂਆਂ ਦੀ...
ਔਰਤਾਂ ਦੀ 'ਸਤਿਕਾਰ ਰਾਸ਼ੀ' ਅੱਜ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਬਠਿੰਡਾ ਵਿੱਚ ਸੰਖੇਪ ਮੁੱਠਭੇੜ ਤੋਂ ਬਾਅਦ ਚਾਰ ਮੁਲਜ਼ਮ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਪੂਰਾ - ਜ਼ਿਲ੍ਹਾ ਟੀਕਾਕਰਨ ਅਫ਼ਸਰ
ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹਾ ਰੂਪਨਗਰ 'ਚ 3 ਦਿਨਾਂ ਵਿੱਚ 100 ਫੀਸਦੀ ਟੀਚਾ ਹਾਸਲ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਹੜ੍ਹ ਰੋਕਥਾਮ ਪ੍ਰਬੰਧਾਂ ਦੀ ਸਮੀਖਿਆ
ਡਾ. ਕਰਨਵੀਰ ਸਿੰਘ ਨੇ ਭਰੇ ਹੋਏ ਗਣਨਾ ਫਾਰਮ ਇਕੱਤਰ ਕੀਤੇ ਜਾਣ ਦੇ ਕੰਮ ਦਾ ਲਿਆ ਜਾਇਜ਼ਾ