ਡਿਊਟੀ ਦੌਰਾਨ ਸ਼ਹੀਦ ਹੋਏ ਪਿੰਡ ਬਿੰਦਰਖ ਦੇ ਫੌਜੀ ਜਵਾਨ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
By Azad Soch
On
ਰੂਪਨਗਰ, 17 ਜੂਨ: ਮਾਤ ਭੂਮੀ ਦੀ ਰੱਖਿਆ ਕਰਦਿਆਂ ਸਿਆਚਨ ਗਲੇਸ਼ੀਅਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ 24 ਪੰਜਾਬ ਆਰਮਡ ਰੈਜੀਮੈਂਟ ਦੇ ਬਹਾਦਰ ਜਵਾਨ ਸਰਬਜੀਤ ਸਿੰਘ ਬਿੰਦਰਖ (27) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ, ਫੌਜੀ ਅਧਿਕਾਰੀਆਂ, ਵੱਖ-ਵੱਖ ਸਮਾਜਿਕ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਭਾਰਤੀ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਗਾਰਡ ਆਫ਼ ਆਨਰ ਦੇ ਕੇ ਸਲਾਮੀ ਵੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਿੰਡ ਬਿੰਦਰਖ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਭਾਰਤੀ ਫੌਜ ਦੀ 24 ਪੰਜਾਬ ਆਰਮਡ ਰੈਜੀਮੈਂਟ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਪਿਛਲੇ ਕਰੀਬ ਇੱਕ ਸਾਲ ਤੋਂ ਸਿਆਚਨ ਦੇ ਉੱਚੇ ਅਤੇ ਬਹੁਤ ਹੀ ਮੁਸ਼ਕਲ ਇਲਾਕੇ ਵਿੱਚ ਤਾਇਨਾਤ ਸਨ। ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜ ਜਾਣ ਅਤੇ ਆਕਸੀਜਨ ਦੀ ਕਮੀ ਕਾਰਨ ਉਹ ਸ਼ਹੀਦ ਹੋ ਗਏ।
ਸ਼ਹੀਦ ਸਰਬਜੀਤ ਸਿੰਘ ਦਾ ਵਿਆਹ ਇਸੇ ਸਾਲ 25 ਜਨਵਰੀ 2026 ਨੂੰ ਅਮਨਜੋਤ ਕੌਰ ਨਾਲ ਹੋਇਆ ਸੀ, ਜੋ ਇਸ ਸਮੇਂ ਲਾਅ ਦੀ ਪੜ੍ਹਾਈ ਕਰ ਰਹੇ ਹਨ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਛੁੱਟੀ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵਾਲੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਤਾਇਆ ਸੁਖਵਿੰਦਰ ਸਿੰਘ ਬਿੰਦਰਖ ਨੇ ਦੱਸਿਆ ਕਿ ਸਰਬਜੀਤ ਸਿੰਘ 15 ਸਤੰਬਰ 2018 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਪਰਿਵਾਰ ਲਈ ਇਹ ਬਹੁਤ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਦੀ ਸੇਵਾ ਕਰਦਿਆਂ ਸਰਵਉੱਚ ਕੁਰਬਾਨੀ ਦਿੱਤੀ ਹੈ।
ਅੰਤਿਮ ਸੰਸਕਾਰ ਦੌਰਾਨ ਪੂਰਾ ਪਿੰਡ ਗ਼ਮ ਵਿੱਚ ਡੁੱਬਿਆ ਹੋਇਆ ਸੀ ਅਤੇ ਹਰ ਅੱਖ ਨਮ ਸੀ। ਲੋਕਾਂ ਨੇ ਆਪਣੇ ਇਸ ਬਹਾਦਰ ਪੁੱਤਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਲਈ ਦਿੱਤੀ ਗਈ ਇਹ ਕੁਰਬਾਨੀ ਹਮੇਸ਼ਾ ਯਾਦ ਰੱਖੀ ਜਾਵੇਗੀ।
Advertisement
Latest News
17 Jun 2026 23:26:13
ਟਾਂਡਾ (ਹੁਸ਼ਿਆਰਪੁਰ); 17 ਜੂਨ: ਪੰਜਾਬ ਦੇ ਭਵਿੱਖ ਨੂੰ ਹੁਣ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਮਾੜੇ ਕੰਮਾਂ ਦਾ ਸ਼ਿਕਾਰ ਨਾ ਬਣਨ...
