ਈ ਸੇਵਾ: ਜ਼ਿਲ੍ਹਾ ਬਰਨਾਲਾ ਦਾ ਸੂਬੇ ਵਿਚੋਂ ਪਹਿਲਾ ਸਥਾਨ ਬਰਕਰਾਰ
ਬਰਨਾਲਾ, 3 ਮਈ- ਸੇਵਾ ਕੇਂਦਰਾਂ ਦੀਆਂ ਅਤੇ ਈ-ਸੇਵਾ ਪੋਰਟਲ ਉੱਤੇ ਸਭ ਤੋਂ ਘੱਟ ਬਕਾਇਆ ਅਰਜ਼ੀਆਂ ਨਾਲ (0.3 ਫ਼ੀਸਦੀ) ਜ਼ਿਲ੍ਹਾ ਬਰਨਾਲਾ ਸੂਬੇ ਵਿਚੋਂ ਲਗਾਤਾਰ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਲੋਕਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। ਓਹਨਾਂ ਦੱਸਿਆ ਕਿ 3 ਮਈ 2025 ਤੋਂ 2 ਮਈ 2026 ਤੱਕ ਜ਼ਿਲ੍ਹੇ ਵਿੱਚ ਈ-ਸੇਵਾ ਅਤੇ ਕੁਨੈਕਟ ਪੋਰਟਲ ਰਾਹੀਂ ਕੁੱਲ 1,24,716 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 1,08,453 ਅਰਜ਼ੀਆਂ ਦਾ ਨਿਰਧਾਰਤ ਸਮੇਂ ਅੰਦਰ ਨਿਬੇੜਾ ਕੀਤਾ ਗਿਆ ਹੈ, ਜਦਕਿ 13,061 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ ਅਤੇ 3202 ਅਰਜ਼ੀਆਂ ਵੱਖ-ਵੱਖ ਕਾਰਨਾਂ ਕਰਕੇ ਵਾਪਸ ਭੇਜੀਆਂ ਗਈਆਂ ਹਨ।
ਓਹਨਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਈ ਡਬਲਿਊ ਐੱਸ ਸਰਟੀਫਿਕੇਟ (ਆਰਥਿਕ ਤੌਰ 'ਤੇ ਕਮਜ਼ੋਰ ਵਰਗ), ਆਮਦਨ ਸਰਟੀਫਿਕੇਟ ਤੇ ਬੁਢਾਪਾ ਪੈਨਸ਼ਨ ਲਈ ਅਪਲਾਈ ਕੀਤਾ ਜਾਂਦਾ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਸਕੀਮਾਂ ਦਾ ਲਾਭ ਅਤੇ ਸਰਟੀਫਿਕੇਟ ਮਿੱਥੇ ਸਮੇਂ ਦੇ ਅੰਦਰ ਅੰਦਰ ਮੁਹਈਆ ਕਰਨਾ ਯਕੀਨੀ ਬਣਾਇਆ ਜਾਂਦਾ ਹੈ।
ਇਸ ਮੌਕੇ ਮੁੰਨੀ ਦੇਵੀ ਵਾਸੀ ਪ੍ਰੇਮ ਨਗਰ, ਧਨੌਲਾ ਰੋਡ ਬਰਨਾਲਾ ਨੇ ਦੱਸਿਆ ਕਿ ਉਸਨੇ ਬੁਢਾਪਾ ਪੈਨਸ਼ਨ ਲਈ 18 ਅਪ੍ਰੈਲ ਨੂੰ ਸੇਵਾ ਕੇਂਦਰ ਬਰਨਾਲਾ ਵਿੱਚ ਅਪਲਾਈ ਕੀਤਾ ਸੀ ਅਤੇ 26 ਅਪ੍ਰੈਲ ਨੂੰ ਇਸਦਾ ਪੈਨਸ਼ਨ ਕੇਸ ਮਨਜ਼ੂਰ ਹੋ ਕੇ ਉਸਦੀ ਪੈਨਸ਼ਨ ਲੱਗ ਗਈ।
ਇਸੇ ਤਰ੍ਹਾਂ ਕੁਲਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਠੀਕਰੀਵਾਲਾ ਨੇ ਦੱਸਿਆ ਕਿ ਉਸਨੇ ਆਪਣੀ ਮਾਤਾ ਦੇ ਮੌਤ ਸਰਟੀਫਿਕੇਟ ਲਈ 15 ਅਪ੍ਰੈਲ ਨੂੰ ਅਪਲਾਈ ਕੀਤਾ ਸੀ, ਜਿਸ ਦੀ ਸਮਾਂ ਸੀਮਾ 29 ਅਪ੍ਰੈਲ ਸੀ ਜਦਕਿ ਓਸਨੂੰ 28 ਅਪ੍ਰੈਲ ਨੂੰ ਸਰਟੀਫਿਕੇਟ ਮਿਲ ਗਿਆ।
ਇਸੇ ਤਰ੍ਹਾਂ ਜਿਉਣ ਸਿੰਘ ਪੁੱਤਰ ਲਾਭ ਸਿੰਘ ਵਾਸੀ ਚੁਹਾਨਕੇ ਖੁਰਦ ਨੇ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ਲਈ 15 ਅਪਰੈਲ ਨੂੰ ਅਪਲਾਈ ਕੀਤਾ ਸੀ ਤੇ 24 ਅਪ੍ਰੈਲ ਨੂੰ ਸਰਟੀਫਿਕੇਟ ਜਾਰੀ ਹੋ ਗਿਆ ਜਦਕਿ ਸਮਾਂ ਸੀਮਾ 27 ਅਪ੍ਰੈਲ ਸੀ।
