ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਜਾਂ ਗੱਠਾਂ ਬਣਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ – ਡਿਪਟੀ ਕਮਿਸ਼ਨਰ
ਬਰਨਾਲਾ, 6 ਨਵੰਬਰ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਪਰਾਲੀ ਸਾੜਨ ਦੀਆਂ ਘਟਵਾਨਾਂ ਵਿਰੁੱਧ ਜੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਸਾੜਨ ਅਤੇ ਫ਼ਸਲੀ ਰਹਿੰਦ-ਖੂੰਹਦ ਦੀਆਂ ਘਟਨਾਵਾਂ ਨੂੰ ਮੁਕੰਮਲ ਠੱਲ੍ਹ ਪਾਈ ਜਾ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਪਿੰਡ ਘੁੰਨਸ, ਪੱਖੋ ਕਲਾਂ, ਤਾਜੋਕੇ ਅਤੇ ਤਪਾ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿੰਆ ਕੀਤਾ।
ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਮੌਜੂਦਾ ਸਾਲ ਦੌਰਾਨ ਕਿਸਾਨਾਂ ਨੂੰ ਆਧੁਨਿਕ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਸਮੂਹ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਆਪਣੇ ਖੇਤਾਂ ਵਿੱਚ ਵਾਹ ਕੇ ਜਾਂ ਇਸ ਦੀਆਂ ਗੱਠਾਂ ਬਣਵਾ ਕੇ ਇਸਦੀ ਸੁਚੱਜੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਤਾਂ ਜੋ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਸਮੂਹ ਥਾਣਾ ਮੁਖੀਆਂ ਨੂੰ ਆਪਣੇ ਪੱਧਰ 'ਤੇ ਹਾਟਸਪਾਟ ਪਿੰਡਾਂ ਦਾ ਨਿੱਜੀ ਤੌਰ 'ਤੇ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਅੱਗ ਲਗਾਉਣ ਤੋਂ ਬਾਅਦ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਪਰਾਲੀ ਸਾੜਨ ਦੀ ਪ੍ਰਥਾ ਨੂੰ ਜ਼ਿਲ੍ਹੇ ਅੰਦਰ ਮੁਕੰਮਲ ਤੌਰ ਤੇ ਨੱਥ ਪਾਈ ਜਾ ਸਕੇ।
ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਪਿੰਡ ਸੇਖਾ, ਝਲੂਰ, ਨੰਗਲ, ਭੱਦਲਵਢ, ਸੰਘੇੜਾ, ਪੱਤੀ ਸੇਖਵਾਂ, ਚੀਮਾ, ਜੋਧਪੁਰ, ਪੱਤੀ ਸੋਹਲ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਵੱਲੋਂ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਬੰਧਤ ਕਿਸਾਨ ਦੇ ਜਮੀਨ ਦੀ ਗਿਰਦਾਵਰੀ ਵਿੱਚ ਲਾਲ ਅੱਖਰਾਂ ਵਿੱਚ ਇੰਦਰਾਜ ਕਰ ਦਿੱਤਾ ਜਾਵੇਗਾ। ਪਰਾਲੀ ਸਾੜਨ ਦੀਆਂ ਘਟਨਾਵਾਂ ਉਪਰ ਨਜ਼ਰਸਾਨੀ ਤੇ ਕਾਰਵਾਈ ਲਈ ਜ਼ਿਲ੍ਹੇ ਵਿੱਚ ਕਲੱਸਟਰ ਅਫ਼ਸਰ ਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇ ਕੋਈ ਵੀ ਅੱਗ ਲੱਗਣ ਦਾ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿਚ ਸਰਗਰਮ ਹਨ ਤਾਂ ਜੋ ਪਰਾਲੀ ਨੂੰ ਅੱਗ ਲੱਗਣ 'ਤੇ ਤੁਰੰਤ ਕਾਬੂ ਪਾਇਆ ਜਾ ਸਕੇ।


