ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

*ਸਮਾਣਾ/ਚੰੜ੍ਹੀਗੜ੍ਹ, 16 ਮਈ , 2026*

 

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਸ਼ਨੀਵਾਰ ਨੂੰ ਸਮਾਣਾ ਵਿਖੇ ਇੱਕ ਜਨਸਭਾ ਦੌਰਾਨ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਜੀ ਆਇਆਂ ਨੂੰ ਕਹਿ ਕੇ ਸਵਾਗਤ ਕੀਤਾ। ਰੱਖੜਾ ਦੇ ਪਰਿਵਾਰਕ ਮੈਂਬਰ ਅਤੇ ਕਈ ਸਮਰਥਕ ਵੀ ਉਨ੍ਹਾਂ ਦੇ ਨਾਲ 'ਆਪ' ਵਿੱਚ ਸ਼ਾਮਲ ਹੋਏ।

 

ਰੱਖੜਾ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 16 ਮਈ ਦਾ ਦਿਨ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਇੱਕ ਅਹਿਮ ਦਿਨ ਵਜੋਂ ਯਾਦ ਰੱਖਿਆ ਜਾਵੇਗਾ, ਕਿਉਂਕਿ ਲੋਕ ਸੇਵਾ ਨੂੰ ਸਮਰਪਿਤ ਇੱਕ ਸਾਫ਼-ਸੁਥਰੇ ਅਤੇ ਸਤਿਕਾਰਤ ਅਕਸ ਵਾਲੀ ਸ਼ਖ਼ਸੀਅਤ 'ਆਪ' ਪਰਿਵਾਰ ਵਿੱਚ ਸ਼ਾਮਲ ਹੋਈ ਹੈ। ਮਾਨ ਨੇ ਕਿਹਾ ਕਿ ਰੱਖੜਾ ਕੋਲ ਆਪਣੇ ਕਾਰੋਬਾਰ ਅਤੇ ਨਿੱਜੀ ਹਿੱਤਾਂ ਨੂੰ ਵਧਾਉਣ ਦੇ ਕਈ ਮੌਕੇ ਸਨ, ਪਰ ਉਨ੍ਹਾਂ ਨੇ ਆਮ ਲੋਕਾਂ ਦੀ ਸੇਵਾ ਦਾ ਰਾਹ ਚੁਣਿਆ।

 

ਮੁੱਖ ਮੰਤਰੀ ਨੇ ਸਮੁੱਚੇ ਰੱਖੜਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ 'ਆਪ ਪੰਜਾਬ ਪਰਿਵਾਰ' ਵਿੱਚ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਈ ਵਾਰ ਆਗੂਆਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸੂਬੇ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਕੰਮ ਕਰਨਾ ਪੈਂਦਾ ਹੈ।

 

ਮਾਨ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਨੇ ਵਾਰ-ਵਾਰ ਅਕਾਲੀ ਦਲ ਨੂੰ ਅੰਦਰੋਂ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਾਰਟੀ ਆਪਣੇ ਰਾਹ ਤੋਂ ਭਟਕ ਗਈ ਅਤੇ ਗਲਤ ਹੱਥਾਂ ਵਿੱਚ ਚਲੀ ਗਈ। ਉਨ੍ਹਾਂ ਅੱਗੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਨਿਭਾਈ ਭੂਮਿਕਾ ਅਤੇ ਲੋਕ-ਵਿਰੋਧੀ ਸਿਆਸਤ ਕਾਰਨ ਲੋਕ ਪਹਿਲਾਂ ਹੀ ਅਕਾਲੀ ਲੀਡਰਸ਼ਿਪ ਨੂੰ ਨਕਾਰ ਚੁੱਕੇ ਹਨ।

 

ਅਕਾਲੀ ਦਲ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਕਦੇ ਪੰਜਾਬ 'ਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਆਗੂਆਂ ਦੀ ਪਾਰਟੀ ਵਿੱਚ ਅੱਜ 25 ਲੋਕ ਵੀ ਨਹੀਂ ਬਚੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਉਨ੍ਹਾਂ ਲਈ ਕਮੇਟੀਆਂ ਬਣਾਉਣੀਆਂ ਵੀ ਔਖੀਆਂ ਹੋ ਗਈਆਂ ਹਨ।

 

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੜ ਨਿਰਮਾਣ ਅਤੇ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਲਈ ਸੂਬੇ ਨੂੰ ਤਜਰਬੇਕਾਰ ਅਤੇ ਇਮਾਨਦਾਰ ਲੋਕਾਂ ਦੀ ਲੋੜ ਹੈ। ਉਨ੍ਹਾਂ ਰੱਖੜਾ ਪਰਿਵਾਰ ਨੂੰ ਏਕਤਾ ਅਤੇ ਮਿਹਨਤ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਤਜਰਬੇ ਦਾ ਪੰਜਾਬ ਅਤੇ ਪਾਰਟੀ ਨੂੰ ਵੱਡਾ ਫਾਇਦਾ ਹੋਵੇਗਾ।

 

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਪਾਰਟੀ ਵਿੱਚ ਸਵਾਗਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਿਰੋਮਣੀ ਅਕਾਲੀ ਦਲ ਛੱਡਣ ਦਾ ਉਨ੍ਹਾਂ ਦਾ ਫੈਸਲਾ ਸਿੱਧੇ ਤੌਰ 'ਤੇ ਬੇਅਦਬੀ ਦੇ ਮੁੱਦੇ ਅਤੇ ਨਵੇਂ ਬਣੇ ਬੇਅਦਬੀ ਵਿਰੋਧੀ ਕਾਨੂੰਨ ਨਾਲ ਜੁੜਿਆ ਹੋਇਆ ਹੈ।

 

ਰੱਖੜਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਲਗਾਤਾਰ ਸਮਾਣਾ ਮੋਰਚੇ 'ਤੇ ਜਾਂਦੇ ਰਹੇ ਹਨ, ਜਿੱਥੇ ਗੁਰਜੀਤ ਸਿੰਘ ਖਾਲਸਾ ਬੇਅਦਬੀ ਖਿਲਾਫ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ 400 ਫੁੱਟ ਉੱਚੇ ਟਾਵਰ 'ਤੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਦਿਲੋਂ ਮਹਿਸੂਸ ਕਰਦੇ ਸਨ ਕਿ ਅਜਿਹਾ ਕਾਨੂੰਨ ਬਹੁਤ ਜ਼ਰੂਰੀ ਹੈ।

 

ਰੱਖੜਾ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਸਰਕਾਰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਂਦੀ ਹੈ, ਤਾਂ ਉਹ ਪਾਰਟੀ ਦਾ ਸਾਥ ਦੇਣ। ਰੱਖੜਾ ਨੇ ਕਿਹਾ ਕਿ ਉਨ੍ਹਾਂ ਵਾਅਦਾ ਕੀਤਾ ਸੀ ਕਿ ਜੇਕਰ ਅਜਿਹਾ ਕਾਨੂੰਨ ਪਾਸ ਹੋ ਗਿਆ ਤਾਂ ਉਨ੍ਹਾਂ ਨੂੰ 'ਆਪ' ਵਿੱਚ ਸ਼ਾਮਲ ਹੋਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ।

 

ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਆਸੀ ਇੱਛਾ ਸ਼ਕਤੀ ਦੀ ਘਾਟ ਕਾਰਨ ਕੋਈ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਵਿੱਚ ਨਾਕਾਮ ਰਹੀਆਂ, ਜਦੋਂ ਕਿ ਮਾਨ ਸਰਕਾਰ ਨੇ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਸ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਪਾਸ ਹੋ ਗਿਆ, ਤਾਂ ਮੈਨੂੰ ਆਪਣਾ ਵਾਅਦਾ ਨਿਭਾਉਣਾ ਹੀ ਸੀ।

 

ਰੱਖੜਾ ਨੇ ਨਹਿਰੀ ਪਾਣੀ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਅਤੇ ਪੰਜਾਬ ਨੂੰ ਮਾਰੂਥਲ (ਰੇਗਿਸਤਾਨ) ਬਣਨ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੇ ਜਲ ਸਰੋਤਾਂ ਨੂੰ ਸੁਰਜੀਤ ਕਰਨ ਲਈ ਮਾਨ ਸਰਕਾਰ ਦੇ ਉਪਰਾਲਿਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਹਿਰੀ ਪਾਣੀ ਦੀ ਵਧਦੀ ਵਰਤੋਂ ਨੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਉਮੀਦ ਜਗਾਈ ਹੈ। 

Advertisement

Latest News

ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਘੁੰਮ ਰਹੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਬੱਚਤ ਕਰਨ ਦੀ ਸਲਾਹ ਦੇ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਘੁੰਮ ਰਹੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਬੱਚਤ ਕਰਨ ਦੀ ਸਲਾਹ ਦੇ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ; 16 ਮਈ:-   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਤੇਲ...
ਵਿਸ਼ਵ ਹਾਈਪਰਟੈਂਸ਼ਨ ਦਿਵਸ: ਪੰਜਾਬ ਦੀ 'ਮੁੱਖ ਮੰਤਰੀ ਸਿਹਤ ਯੋਜਨਾ' 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ, 98 ਸਾਲਾ ਮਰੀਜ਼ਾਂ ਨੂੰ ਵੀ ਮਿਲਿਆ ਲਾਭ
ਮਜੀਠਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਕਈ ਆਗੂ 'ਆਪ' ਵਿੱਚ ਹੋਏ ਸ਼ਾਮਲ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
'ਆਪ' ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਾਨਸਿਕ ਰੋਗੀ ਦਾ ਹੁਣ ਨਹੀਂ ਚੱਲੇਗਾ ਬਹਾਨਾ, ਬੇਅਦਬੀ ਕਰਨ 'ਤੇ ਹੋਵੇਗੀ ਸਖ਼ਤ ਸਜ਼ਾ- ਭਗਵੰਤ ਸਿੰਘ ਮਾਨ
ਬੀਬੀਐਮਬੀ ਦੇ ਫੈਸਲਿਆਂ ਵਿੱਚ ਪੰਜਾਬ ਨੂੰ ਮਿਲੇ ਯੋਗ ਸਥਾਨ, ਤਾਨਾਸ਼ਾਹੀ ਅਤੇ ਗਲਤ ਫੈਸਲਿਆਂ ਨੂੰ ਬਿਲਕੁਲ ਨਹੀਂ ਕਰਾਂਗੇ ਬਰਦਾਸ਼ਤ: ਬਰਿੰਦਰ ਗੋਇਲ