ਵਿਧਾਇਕ ਕੁਲਵੰਤ ਸਿੰਘ ਨੇ ਸਵੱਛਤਾ ਹੀ ਸੇਵਾ ਪੰਦਰਵਾੜੇ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਮਾਨਵਤਾ ਦੀ ਸੇਵਾ ਵਜੋਂ ਅਪਨਾਉਣ ਦਾ ਸੱਦਾ ਦਿੱਤਾ
ਐਸ.ਏ.ਐਸ.ਨਗਰ, 17 ਸਤੰਬਰ, 2024:
ਮੋਹਾਲੀ ਵਿਖੇ ‘ਸਵੱਛਤਾ ਹੀ ਸੇਵਾ’ ਪੰਦਰਵਾੜੇ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤਮੰਦ ਜੀਵਨ ਪੱਧਰ ਨੂੰ ਉਤਸ਼ਾਹਿਤ ਕਰਨ ਲਈ ਇਸ ਨੂੰ ਜੀਵਨ ਦਾ ਸਥਾਈ ਹਿੱਸਾ ਬਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਪੰਦਰਵਾੜੇ ਵਿੱਚ ਸਾਲ ਵਿੱਚ 100 ਘੰਟੇ ਸਵੱਛਤਾ (ਰੋਜ਼ਾਨਾ 2 ਘੰਟੇ) ਦਾ ਹਿੱਸਾ ਬਣਨ ਅਤੇ ਇਸ ਵਿੱਚ 100 ਹੋਰ ਮੈਬਰਾਂ ਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਗਿਆ ਹੈ, ਜਿਸ ਦੇ ਅਨੁਸਾਰ ਸਾਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਦੇ ਜਾਗਰੂਕਤਾ ਮਾਰਚ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਵੱਛਤਾ ਦੇ ਦੂਤ ਵਜੋਂ ਕੰਮ ਕਰਨਗੇ। ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਇੱਕ ਬੂਟਾ ਵੀ ਲਗਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 15 ਦਿਨਾਂ ਦੀ ਗਤੀਵਿਧੀ ਦਾ ਚਾਰਟ ਹੈ ਜਿਸ ਵਿੱਚ ਠੋਸ ਰਹਿੰਦ-ਖੂੰਹਦ, ਤਰਲ ਰਹਿੰਦ-ਖੂੰਹਦ ਪ੍ਰਬੰਧਨ, ਗ੍ਰੀਨ ਕਵਰ ਵਧਾਉਣ ਅਤੇ ਜਨਤਕ ਸਥਾਨਾਂ ਜਿਵੇਂ ਕਿ ਕਮਿਊਨਿਟੀ ਸੈਂਟਰਾਂ, ਸਕੂਲਾਂ, ਧਾਰਮਿਕ ਸਥਾਨਾਂ, ਵਾਟਰ ਵਰਕਸ ਆਦਿ ਦੀ ਸਫਾਈ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਉਨ੍ਹਾਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦੇਣ ਦੀ ਲੋੜ ਹੈ।
ਇਸ ਸਮਾਰੋਹ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਅਨਿਲ ਕੁਮਾਰ, ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ, ਜੋ ਮੁਹਿੰਮ ਚਲਾ ਰਹੇ ਹਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਚ ਸ਼ਹਿਰ ਦੇ ਪਤਵੰਤੇ ਸੱਜਣ ਕੁਲਦੀਪ ਸਿੰਘ ਸਮਾਣਾਂ, ਸੁਖਦੇਵ ਸਿੰਘ ਪਟਵਾਰੀ, ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਬੜਾ, ਰਣਦੀਪ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਹਰਸੰਗਤ ਸਿੰਘ, ਸੁਰਿੰਦਰ ਸਿੰਘ ਰੋਡਾ, ਅਵਤਾਰ ਸਿੰਘ ਸਰਪੰਚ, ਡਾ. ਕੁਲਦੀਪ ਸਿੰਘ, ਅਕਬਿੰਦਰ ਸਿੰਘ ਗੌਸਲ, ਸੁਖਚੈਨ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਅਤੇ ਸ਼੍ਰੀਮਤੀ ਜਸਵੀਰ ਕੌਰ ਅਤਲੀ ਹਾਜ਼ਰ ਸਨ।