ਸਵੱਛਤਾ ਦਿਵਸ ਮੌਕੇ ਨਗਰ ਕੌਂਸਲ ਫਾਜਿਲਕਾ ਅਤੇ ਬੀ.ਐਸ.ਐਫ 52 ਬਟਾਲੀਅਨ ਵੱਲੋਂ ਸਫਾਈ ਅਭਿਆਨ ਚਲਾਇਆ
ਫਾਜ਼ਿਲਕਾ, 2 ਅਕਤੂਬਰ
ਵਧੀਕ ਡਿਪਟੀ ਕਮਿਸ਼ਨਰ ਮੈਡਮ ਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ 2 ਅਕਤੂਬਰ ਨੂੰ ਸਵੱਛਤਾ ਦਿਵਸ ਮੌਕੇ ਸਵੱਛਤਾ ਹੀ ਸੇਵਾ ਮੁੰਹਿਮ ਦੌਰਾਨ ਨਗਰ ਕੌਂਸਲ ਫਾਜਿਲਕਾ ਅਤੇ ਬੀ.ਐਸ.ਐਫ 52 ਬਟਾਲੀਅਨ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ। ਸਿਵਲ ਹਸਪਤਾਲ ਫਾਜ਼ਿਲਕਾ ਦੇ ਬਾਹਰ ਬਾਰਡਰ ਰੋਡ ਤੇ ਬੀਐਸਐਫ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸਫਾਈ ਕੀਤੀ ਗਈ ਅਤੇ ਵਧੀਆ ਕੰਮ ਕਰਨ ਵਾਲੀਆਂ ਐਨਜੀਓ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਨਗਰ ਕੌਂਸਲ ਦੇ ਸੁਪਰਡੰਟ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਗਤੀਵਿਧੀਆਂ ਦੌਰਾਨ ਬਿਹਤਰੀਨ ਕਾਰਗੁਜਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। 2 ਅਕਤੂਬਰ ਦੀ ਗਤੀਵਿਧੀ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਸਵੱਛਤਾ ਤੇ ਸੰਦੇਸ਼ ਦਿੰਦਾ ਨਾਟਕ ਪੇਸ਼ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੇ.ਵੀ.ਐਸ ਸਕੂਲ ਤੋਂ ਮੁਸਕਾਨ, ਪਾਵਾਨੀ, ਰਿਤਿਕਾ, ਕਬੀਰ, ਰੀਆ ਤੇ ਅਮ੍ਰਿਤ ਮਾਡਲ ਸਕੂਲ ਤੋਂ ਕੋਮਲ ਤੇ ਵਾਣੀ ਵੱਲੋਂ ਨਾਟਕ ਰਾਹੀਂ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਪ੍ਰਤੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਭਨਾ ਨੂੰ ਸਾਫ-ਸਫਾਈ ਦਾ ਮਹੱਤਵ ਜਾਣਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗਿਲੇ-ਸੁਕੇ ਕੂੜੇ ਨੂੰ ਵੱਖਰਾ-ਵੱਖਰਾ ਵੇਸਟ ਕੁਲੈਕਟਰਾਂ ਨੁੰ ਜਮ੍ਹਾਂ ਕਰਵਾਇਆ ਜਾਵੇ ਤੇ ਕੂੜੇ ਨੂੰ ਸੜਕਾਂ *ਤੇ ਸੁੱਟਣ ਦੀ ਬਜਾਏ ਡਸਟਬਿਨਾਂ ਵਿਚ ਹੀ ਰਖਿਆ ਜਾਵੇ। ਉਨ੍ਹਾਂ ਕਿਹਾ ਕਿ 2 ਅਕਤੂਬਰ ਦੀ ਸੱਤਛਤਾ ਦਿਵਸ ਦੀ ਗਤੀਵਿਧੀ ਨੂੰ ਸਮਾਜ ਸੇਵੀ ਲੀਲਾਧਾਰ, ਐਨਜੀਓ ਨੌਜਵਾਨ ਸਮਾਜ ਸੇਵਾ ਸੰਸਥਾ ਤੇ ਦੁਰਗਿਆਣਾ ਮੰਦਰ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਦੌਰਾਨ ਰਵੀ ਰੰਜਨ ਕਮਾਂਡੈਂਟ 52ਵੀ ਬਟਾਲੀਅਨ ਬੀ.ਐਸ.ਐਫ, ਨਰੇਸ਼ ਕੁਮਾਰ ਸ਼ਿਉਕਰਨ ਬੀ.ਐਸ.ਐਫ. ਅਧਿਕਾਰੀ, ਸੀ.ਐਫ ਪਵਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।