ਵਧੀਕ ਜ਼ਿਲ੍ਹਾ ਚੋਣ ਅਫਸਰ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ 3 ਜੂਨ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.10.2026 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ) ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਡੈਵੀ ਗੋਇਲ ਵਧੀਕ ਜਿਲ੍ਹਾ ਚੋਣ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਦਿੱਤੀ।
ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ 3 ਅਗਸਤ 2026 ਨੂੰ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਸਬੰਧੀ 16 ਜੂਨ ਤੋਂ 20 ਜੂਨ 2026 ਤੱਕ ਬੂਥ ਲੈਵਲ ਅਫ਼ਸਰਾਂ ਅਤੇ ਬੂਥ ਲੈਵਲ ਏਜੰਟਾਂ ਲਈ ਇਕ ਟਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ।ਉਹਨਾਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀ.ਐਲ.ਏਜ਼ ਦੀ ਇਸ ਟਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਯਕੀਨੀ ਬਣਾਉਣ।
ਉਹਨਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰ—ਘਰ ਜਾ ਕੇ ਗਣਨਾ ਫਾਰਮ ਭਰਵਾਉਣਗੇ । ਸ੍ਰੀ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ ਅਧੀਨ ਗਣਨਾ ਫਾਰਮ ਭਰਨਾ ਪਵੇਗਾ।
ਇਸੇ ਤਰ੍ਹਾਂ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ ਦਰਜ਼ ਕਰਵਾਉਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਨਾਗਰਿਕ 03.08.2026 ਤੋਂ 02.09.2026 ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਣਗੇ। ਉਹਨਾਂ ਦੱਸਿਆ ਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਨੋਟਿਸ ਫੇਜ਼ ਦੀ ਪ੍ਰਕਿਰਿਆ ਹੁਣ 03.08.2026 ਤੋਂ 28.09.2026 ਤੱਕ ਮੁਕੰਮਲ ਕੀਤੀ ਜਾਵੇਗੀ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 1 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਸ੍ਰੀ ਗੋਇਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਨੂੰ ਸਾਲ 2003 ਦੀ ਵੋਟਰ ਸੂਚੀ ਦੇ ਵੋਟਰਾਂ ਨਾਲ ਮੈਪਿੰਗ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ 753 ਪੋਲਿੰਗ ਬੂਥਾਂ ਤੇ 7 ਜੂਨ, 2026 (ਦਿਨ ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।
ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਰਹੇਗਾ, ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਜਲਦ ਤੋਂ ਜਲਦ ਇਸ ਸਬੰਧੀ ਆਪਣੇ ਬੀ.ਐਲ.ਏ ਨਿਯੁਕਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਜਸ਼ਨਜੀਤ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਅਤੇ ਬੂਥ ਲੈਵਲ ਏਜੰਟ 1, ਆਮ ਆਦਮੀ ਪਾਰਟੀ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਬਲਜਿੰਦਰ ਸਿੰਘ ਗੋਨਿਆਣਾ, ਜਿਲ੍ਹਾ ਜਨਰਲ ਸਕੱਤਰ, ਸ੍ਰੋਮਣੀ ਅਕਾਲੀ ਦਲ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਸਤਪਾਲ ਸਿੰਘ, ਜਿਲ੍ਹਾ ਸਕੱਤਰ, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੁਲਵੰਤ ਸਿੰਘ, ਬੂਥ ਲੈਵਲ ਏਜੰਟ -1, 83-ਲੰਬੀ, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਮੁਕਤਸਰ ਸਾਹਿਬ , ਸ੍ਰੀ ਸ਼ਿਵ ਕੁਮਾਰ ਸ਼ਿਵਾ, ਬੂਥ ਲੈਵਲ ਏਜੰਟ -1, 85-ਮਲੋਟ, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਮੁਕਤਸਰ ਸਾਹਿਬ , ਚੋਣ ਤਹਿਸੀਲਦਾਰ ਸ੍ਰੀ ਹਰਬੰਸ ਸਿੰਘ ਅਤੇ ਚੋਣ ਕਾਨੂੰਗੋ ਸ੍ਰੀ ਸੋਰਵ ਜੈਨ ਮੌਜੂਦ ਸਨ।

