43.46 ਕਰੋੜ ਦੀ ਲਾਗਤ ਨਾਲ 67 ਪਿੰਡਾਂ ਲਈ ਸਰਫੇਸ ਵਾਟਰ ਸਪਲਾਈ ਸਕੀਮ ਹੋਈ ਲੋਕ ਅਰਪਣ
ਨੰਗਲ 01 ਜੂਨ: ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸਾਫ਼ ਅਤੇ ਸੁਰੱਖਿਅਤ ਪੀਣਯੋਗ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਇੱਕ ਹੋਰ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ 67 ਪਿੰਡਾਂ ਲਈ ਨਹਿਰੀ ਪਾਣੀ ਆਧਾਰਿਤ ਆਧੁਨਿਕ ਸਰਫੇਸ ਵਾਟਰ ਸਪਲਾਈ ਸਕੀਮ ਦਾ ਅੱਜ ਸ਼ਾਨਦਾਰ ਢੰਗ ਨਾਲ ਮਾਣਕਪੁਰ ਨੰਗਲ ਵਿਖੇ ਉਦਘਾਟਨ ਕੀਤਾ ਗਿਆ। ਇਹ ਸਕੀਮ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਲਗਭਗ 43.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਯੋਜਨਾ ਦੀ ਸਮਰੱਥਾ 13 ਐਮ.ਐਲ.ਡੀ. ਹੈ, ਜੋ ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਨਾ ਸਿਰਫ ਪਿੰਡਾਂ ਨੂੰ ਸ਼ੁੱਧ ਪਾਣੀ ਪ੍ਰਦਾਨ ਕਰੇਗੀ, ਸਗੋਂ ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘਟਾ ਕੇ ਵਾਤਾਵਰਣ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗੀ।
ਜਵਾਹਰ ਮਾਰਕੀਟ, ਨੰਗਲ ਵਿਖੇ ਆਯੋਜਿਤ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ.ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਪੇਂਡੂ ਜੀਵਨ ਮਿਆਰ ਨੂੰ ਉੱਚਾ ਚੁੱਕਣ ਵਿੱਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ ਅਤੇ ਇਹ ਸਕੀਮ ਇਲਾਕੇ ਦੇ ਲੋਕਾਂ ਲਈ ਇੱਕ “ਵਰਦਾਨ” ਸਾਬਤ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਚੰਗਰ ਇਲਾਕਾ ਲੰਮੇ ਸਮੇਂ ਤੋਂ ਸਿੰਚਾਈ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਸੀ, ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਲਿਫਟ ਇਰੀਗੇਸ਼ਨ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਸ ਦੀ ਟੈਸਟਿੰਗ ਜਾਰੀ ਹੈ ਅਤੇ ਜਲਦੀ ਹੀ ਇਹ ਇਲਾਕਾ ਹਰਿਆ-ਭਰਾ ਨਜ਼ਰ ਆਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਲਈ ਇਹ ਵੱਡੀ ਤਰਾਸਦੀ ਹੈ ਕਿ ਜਿੱਥੋ ਸਤਲੁਜ ਸ਼ੁਰੂ ਹੁੰਦਾ ਹੈ ਅਤੇ ਜਿਸ ਇਲਾਕੇ ਦੇ 50 ਮੀਟਰ ਦੇ ਘੇਰੇ ਵਿਚ ਦਰਿਆ ਅਤੇ ਨਹਿਰਾ ਵਗਦੀਆਂ ਹਨ, ਉਨ੍ਹਾਂ ਪਿੰਡਾਂ ਦੇ ਲੋਕ ਪਿਛਲੇ 70 ਸਾਲ ਤੋ ਪਾਣੀ ਨੂੰ ਤਰਸ ਰਹੇ ਹਨ, ਪਰ ਹੁਣ ਅਸੀ ਹਾਲਾਤ ਬਦਲ ਦਿੱਤੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੇ ਸਰੋਤਾਂ ਦੀ ਸੰਭਾਲ ਅਤੇ ਸੁਚੱਜੇ ਪ੍ਰਬੰਧ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਤੱਕ ਪਾਣੀ ਪਹੁੰਚਾ ਕੇ ਨਾ ਸਿਰਫ ਕਿਸਾਨਾਂ ਨੂੰ ਮਦਦ ਮਿਲੀ ਹੈ, ਸਗੋਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸਾਤਮਕ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਸ.ਮੁੰਡੀਆਂ ਨੇ ਕਿਹਾ ਕਿ ਉਹ ਜਦੋਂ ਤੋਂ ਪੰਜਾਬ ਦੇ ਕੈਬਨਿਟ ਵਜ਼ੀਰ ਬਣੇ ਹਨ, ਉਦੋਂ ਤੋ ਹੀ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਕਾਰਜ਼ਸੈਲੀ ਤੋ ਸਿੱਖ ਰਹੇ ਹਨ, ਜਿਸ ਤਰਾਂ ਸ.ਬੈਂਸ ਨੇ ਸਿੱਖਿਆ ਅਤੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੱਡੇ ਬਦਲਾਓ ਲਿਆਉਣ ਵੱਲ ਕਦਮ ਵਧਾਏ ਹਨ, ਉਸ ਤੋਂ ਇਹ ਜਾਪਦਾ ਹੈ ਕਿ ਪੰਜਾਬ ਹੁਣ ਵੱਡੇ ਬਦਲਾਓ ਵੱਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਪਿੰਡ ਬਕਾਇਆ ਰਿਹ ਗਏ ਹਨ ਉਨ੍ਹਾਂ ਨੂੰ ਵੀ ਜਲਦੀ ਇਸ ਸਕੀਮ ਦੇ ਦਾਇਰੇ ਵਿਚ ਲਿਆਦੇ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੀ ਸੇਵਾ ਵਡਭਾਗੇ ਲੋਕਾਂ ਨੂੰ ਮਿਲਦੀ ਹੈ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ।
ਇਸ ਮੌਕੇ ਚੰਦਰਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸਚਿਨ ਪਾਠਕ ਐੱਸ.ਡੀ.ਐੱਮ. ਨੰਗਲ, ਨਵੀਨ ਪਾਲ ਡੀ.ਐਸ.ਪੀ, ਡਾ.ਗੌਤਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਮੁੱਖ ਇੰਜੀਨੀਅਰ (ਵਾਟਰ ਸਪਲਾਈ) ਜੇ.ਜੇ.ਗੋਇਲ, ਕਰਨਬੀਰ ਸਿੰਘ ਸੁਪਰਡੈਂਟ ਇੰਜੀਨੀਅਰ ਅਨਿਲ ਕੁਮਾਰ,ਕਾਰਜਕਾਰੀ ਇੰਜੀਨੀਅਰ ਹਰਜੀਤਪਾਲ ਸਿੰਘ, ਮਹੇਸ਼ ਕੁਮਾਰ, ਐਗਜ਼ਿਕਿਊਟਿਵ ਇੰਜੀਨੀਅਰ ਨਿਤਿਨ ਕਾਲੀਆ, ਪਰਮਵੀਰ ਸਿੰਘ ਐਸ.ਡੀ.ਓ, ਰੋਹਿਤ ਕੁਮਾਰ, ਸਬ-ਡਵੀਜ਼ਨਲ ਇੰਜੀਨੀਅਰ ਪਰਮਵੀਰ ਸਿੰਘ, ਭਾਵਨਾ ਦੀਵਾਨ ਐਸ.ਡੀ.ਓ, ਚੰਨਣ ਸਿੰਘ ਪੱਮੂ ਢਿੱਲੋਂ, ਦਵਿੰਦਰ ਕੌਰ ਸਰਪੰਚ,ਸੁਮਿਤ ਭਾਰਤਵਾਜ, ਸੁਮਿਤ ਅਗਨੀਸੰਦਲ, ਲੱਕੀ ਕਪਲਾ, ਭਗਵੰਤ ਸਿੰਘ ਅਠਵਾਲ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰਾਜਪਾਲ ਸੇਖੋ ਅਤੇ ਸਾਹਿਲ ਅਨੰਦ, ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਬਲਾਕ ਸੰਮਤੀ ਚੇਅਰਪਰਸਨ ਮਮਤਾ ਰਾਣੀ ਤੇ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

