ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬਾ ਵਾਸੀਆਂ ਲਈ ਸੰਜੀਵਨੀ ਸਾਬਤ ਹੋਈ
ਅੰਮ੍ਰਿਤਸਰ, 11 ਮਈ ( ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਸੂਬਾ ਵਾਸੀਆਂ ਲਈ ਸੰਜੀਵਨੀ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਸਿਹਤ ਯੋਨਾ ਤਹਿਤ ਨਕਦ-ਰਹਿਤ ਇਲਾਜ ਨਾਲ ਪੰਜਾਬ ਵਿੱਚ 5000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਦੇ ਹਾਂ-ਪੱਖੀ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪਨਸਪ ਦੇ ਚੇਅਰਮੈਨ ਅਤੇ ਨੌਜਵਾਨ ਆਗੂ ਪ੍ਰਭਬੀਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਿਹਤ ਯੋਜਨਾ ਤਹਿਤ ਕੁੱਲ 5,054 ਦਿਲ ਸੰਬੰਧੀ ਸਰਜਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 5,000 ਪਰਕਿਊਟੇਨਿਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜੀਓਪਲਾਸਟੀ (ਪੀ ਟੀ ਸੀ ਏ ) ਪ੍ਰਕਿਰਿਆਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਡਾਇਗਨੋਸਟਿਕ ਐਂਜੀਓਗ੍ਰਾਮ ਵੀ ਸ਼ਾਮਲ ਹਨ, ਜਦਕਿ 54 ਮਾਮਲਿਆਂ ਵਿੱਚ ਪੈਰੀਫ਼ਰਲ ਐਂਜੀਓਪਲਾਸਟੀ ਕੀਤੀ ਗਈ ਹੈ।
ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿੱਚ ਸਕਿੰਟ-ਸਕਿੰਟ ਕੀਮਤੀ ਹੁੰਦਾ ਹੈ ਅਤੇ ਕੁਝ ਮਿੰਟਾਂ ਦੀ ਦੇਰੀ ਜੀਵਨ ਅਤੇ ਮੌਤ ਵਿਚਕਾਰ ਫ਼ਰਕ ਪਾ ਸਕਦੀ ਹੈ। ਪੰਜਾਬ ਵਿੱਚ ਹੁਣ ਸਮੇਂ ਨਾਲ ਚੱਲ ਰਹੀ ਇਹ ਜੰਗ ਲਗਾਤਾਰ ਜਿੱਤੀ ਜਾ ਰਹੀ ਹੈ, ਕਿਉਂਕਿ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਤੇਜ਼ ਅਤੇ ਨਕਦ -ਰਹਿਤ ਐਂਜੀਓਪਲਾਸਟੀ ਸੇਵਾਵਾਂ ਮਰੀਜ਼ਾਂ ਨੂੰ ਲੋਡ਼ ਪੈਣ ਤੇ ਸਮੇਂ ਸਿਰ ਇਹ ਐਮਰਜੈਂਸੀ ਇਲਾਜ ਮੁਹੱਈਆ ਕਰਵਾ ਰਹੀਆਂ ਹਨ।
ਚੇਅਰਮੈਨ ਬਰਾੜ ਨੇ ਕਿਹਾ ਕਿ ਹਾਰਟ ਅਟੈਕ ਸਿਰਫ਼ ਡਾਕਟਰੀ ਐਮਰਜੈਂਸੀ ਦੀ ਸਥਿਤੀ ਹੀ ਨਹੀਂ ਹੁੰਦੀ ਸਗੋਂ ਇਹ ਪਰਿਵਾਰਾਂ ਤੇ ਆਰਥਿਕ ਬੋਝ ਵੀ ਪਾਉਂਦਾ ਹੈ। ਪਹਿਲੋਂ ਇਲਾਜ ਲਈ ਪੈਸਿਆਂ ਦਾ ਪ੍ਰਬੰਧ ਕਰਨ, ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਹਸਪਤਾਲ ਤੋਂ ਮਨਜ਼ੂਰੀ ਲੈਣ ਵਿੱਚ ਪਰਿਵਾਰਾਂ ਦਾ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਸੀ। ਹੁਣ ਇਹ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਕਾਰਡ ਸਿਸਟਮ ਦੇ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਜਾਂਚ ਅਤੇ ਐਮਰਜੈਂਸੀ ਐਂਜੀਓਪਲਾਸਟੀ ਦੀ ਪ੍ਰਕਿਰਿਆ, ਇਲਾਜ ਤੋਂ ਪਹਿਲਾਂ ਭੁਗਤਾਨ ਵਿੱਚ ਹੋਣ ਵਾਲੀ ਦੇਰੀ ਤੋਂ ਬਿਨਾਂ, ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਇਹ ਬਦਲਾਅ ਖ਼ਾਸ ਤੌਰ ‘ਤੇ ‘ਗੋਲਡਨ ਆਵਰ’ ਅਰਥਾਤ ਹਾਰਟ ਅਟੈਕ ਤੋਂ ਬਾਅਦ ਦੇ ਪਹਿਲੇ 60 ਮਿੰਟਾਂ ਦੌਰਾਨ ਕੀਮਤੀ ਜਾਨਾਂ ਬਚਾਉਣ ਵਿੱਚ ਨਿਰਣਾਇਕ ਸਿੱਧ ਹੋ ਰਿਹਾ ਹੈ।
ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਇਨ੍ਹਾਂ ਇਲਾਜਾਂ ਦੀ ਕੁੱਲ ਲਾਗਤ ਲਗਭਗ 49.6 ਕਰੋੜ ਰੁਪਏ ਰਹੀ, ਜਿਸ ਵਿੱਚ ਪੀਟੀਸੀਏ ਪ੍ਰਕਿਰਿਆਵਾਂ, ਗਿਣਤੀ ਅਤੇ ਕੁੱਲ ਖ਼ਰਚ ਦੋਹਾਂ ਮਾਮਲਿਆਂ ਵਿੱਚ ਹੀ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਪ੍ਰਭਾਵ ਹੁਣ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਹੁਣ ਵੱਧ ਮਰੀਜ਼ ਉਹਨਾਂ ਸਥਿਤੀਆਂ ਵਿੱਚੋਂ ਵੀ ਬਚ ਰਹੇ ਹਨ, ਜੋ ਪਹਿਲਾਂ ਲਗਭਗ ਜਾਨਲੇਵਾ ਮੰਨੀਆਂ ਜਾਂਦੀਆਂ ਸਨ। ਅਜਿਹੇ ਨਾਜ਼ੁਕ ਸਮੇਂ ਵਿੱਚ ਸਿਹਤ ਕਾਰਡ ਸਿਸਟਮ ਕਾਰਨ ਇਲਾਜ ਦੀ ਤੇਜ਼ੀ ਹੀ ਰਾਜ ਦੀ ਜੀਵਨ-ਰੱਖਿਅਕ ਬਣ ਰਹੀ ਹੈ।
