ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕੀਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕੀਤਾ

- ਭਾਜਪਾ ਦੀ ਨਿਰਾਸ਼ਾ ਦਰਸਾਉਂਦੀ ਹੈ ਕਿ ਉਹ ਪਹਿਲਾਂ ਹੀ ਹਾਰ ਚੁੱਕੇ ਹਨ: ਮੁੱਖ ਮੰਤਰੀ ਮਾਨ

- 5 ਫਰਵਰੀ ਨੂੰਤੁਹਾਡੀ ਜ਼ਿੰਮੇਵਾਰੀ ਖਤਮ,ਸਾਡੀ ਸ਼ੁਰੂ- ਮੁੱਖ ਮੰਤਰੀ ਭਗਵੰਤ ਮਾਨ

- ਮੁੱਖ ਮੰਤਰੀ ਮਾਨ ਨੇ ਦਿੱਲੀ ਦੇ ਵੋਟਰਾਂ ਨੂੰ ਕਿਹਾ: ਫੁੱਟ ਪਾਊ ਰਾਜਨੀਤੀ ਨੂੰ ਰੱਦ ਕਰੋ; ਸਿੱਖਿਆ ਅਤੇ ਤਰੱਕੀ ਲਈ ਵੋਟ ਦਿਓ

New Delhi/Chandigarh, February 03 2025,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਨੇ ਦਿੱਲੀ ਦੇ ਕਈ ਹਲਕਿਆਂ ਵਿੱਚ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸੰਬੋਧਨ ਕੀਤਾ। 

ਮਾਨ ਨੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਦੇ ਵਿਕਾਸ, ਲੋਕ ਭਲਾਈ ਅਤੇ ਲੋਕ ਕੇਂਦਰਿਤ ਸ਼ਾਸਨ ਬਾਰੇ ਲੋਕਾਂ ਨੂੰ ਦੱਸਿਆ ਅਤੇ ਭਾਜਪਾ ਅਤੇ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਰੀ ਬਹੁਮਤ ਨਾਲ ਅਰਵਿੰਦ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਤਿਆਰ ਹਨ।

 

ਮਾਨ ਨੇ ਨਗਦੀ ਵੰਡ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਅਤੇ ਲੋਕਾਂ ਨੂੰ ਕਿਹਾ। ਕਿ ਪੈਸੇ ਲੈ ਲਓ ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਦਿਓ। ਉਨ੍ਹਾਂ ਕਿਹਾ, ''ਜਦੋਂ ਭਾਜਪਾ ਪੈਸੇ ਵੰਡਣ ਆਏ ਤਾਂ ਨਾਂਹ ਨਾ ਕਰੋ। ਇਹ ਤੁਹਾਡਾ ਹੀ ਪੈਸਾ ਹੈ ਜੋ ਉਨ੍ਹਾਂ ਨੇ ਲੁੱਟਿਆ ਹੈ। ਪਰ ਯਾਦ ਰੱਖੋ, ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਦਾ ਬਟਨ 'ਝਾੜੂ' ਹੈ।

 

ਸੰਗਮ ਵਿਹਾਰ ਵਿਧਾਨ ਸਭਾ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਵੱਡੀ ਗਿਣਤੀ ਵਿੱਚ ਪੁੱਜਣ ਲਈ ਲੋਕਾਂ ਦਾ ਧੰਨਵਾਦ ਕੀਤਾ। ਭਾਜਪਾ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਦਿਹਾੜੀ 'ਤੇ ਰੈਲੀਆਂ 'ਚ ਲਿਆਉਂਦੀ ਹੈ ਅਤੇ ਬਾਅਦ 'ਚ ਪੈਸੇ ਵੀ ਨਹੀਂ ਦਿੰਦੀ। ਜਦੋਂ ਉਹ 400 ਰੁਪਏ ਦਿਹਾੜੀ ਨਹੀਂ ਦੇ ਰਹੇ ਤਾਂ ਉਹ ਔਰਤਾਂ ਨੂੰ 2500 ਰੁਪਏ ਮਹੀਨਾ ਕਿਵੇਂ ਦੇਣਗੇ!

 

ਲਾਜਪਤ ਨਗਰ ਵਿੱਚ ਰੋਡ ਸ਼ੋਅ ਦੌਰਾਨ ਮਾਨ ਨੇ ਨਵੀਂ ਦਿੱਲੀ ਹਲਕੇ ਵਿੱਚ ਭਾਜਪਾ ਦੀ ਗੁੰਡਾਗਰਦੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ''ਭਾਜਪਾ ਅਰਵਿੰਦ ਕੇਜਰੀਵਾਲ ਦੇ ਹਲਕੇ 'ਚ 'ਆਪ' ਵਰਕਰਾਂ 'ਤੇ ਹਮਲੇ ਕਰ ਰਹੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ ਬੁਰੀ ਤਰ੍ਹਾਂ ਹਾਰ ਰਹੇ ਹਨ।

 

ਜੰਗਪੁਰਾ ਵਿੱਚ ਮਾਨ ਨੇ 'ਆਪ' ਦੀ ਸਿੱਖਿਆ ਕ੍ਰਾਂਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਜੰਗਪੁਰਾ ਖੁਸ਼ਕਿਸਮਤ ਹੈ ਕਿ ਉਸ ਕੋਲ ਅਜਿਹੇ ਵਿਧਾਇਕ ਹਨ ਜਿਨ੍ਹਾਂ ਨੇ ਅਜਿਹੇ ਸਕੂਲਾਂ ਦੀ ਕਾਇਆ ਕਲਪ ਕੀਤੀ, ਜਿਨ੍ਹਾਂ ਦੀ ਹੁਣ ਦੁਨੀਆ ਪ੍ਰਸ਼ੰਸਾ ਕਰਦੀ ਹੈ। ਜਲਦੀ ਹੀ ਤੁਹਾਡਾ ਵਿਧਾਇਕ ਵੀ ਤੁਹਾਡਾ ਡਿਪਟੀ ਸੀਐਮ ਹੋਵੇਗਾ।

 

ਵੋਟਰਾਂ ਨੂੰ ਫੁੱਟ ਪਾਊ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਮਾਨ ਨੇ ਕਿਹਾ, “ਤੁਹਾਡੇ ਕੋਲ ਦੋ ਵਿਕਲਪ ਹਨ- ਇੱਕ ਪੱਖ ਲੜਾਈਆਂ ਨੂੰ ਵਧਾਵਾ ਦਿੰਦਾ ਹੈ, ਦੂਜਾ ਸਿੱਖਿਆ ਪ੍ਰਦਾਨ ਕਰਦਾ ਹੈ। ਇੱਕ ਤੁਹਾਡੇ ਬੱਚਿਆਂ ਨੂੰ ਚਾਕੂ ਅਤੇ ਤਲਵਾਰਾਂ ਦੇਵੇਗਾ, ਜਦੋਂ ਕਿ ਦੂਜਾ ਉਨ੍ਹਾਂ ਨੂੰ “ਪੈਨ ਅਤੇ ਪੈਨਸਿਲ” ਦੇਵੇਗਾ।

 

ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਾਰੀ ਸਮਰਥਨ ਦਾ ਜ਼ਿਕਰ ਕਰਦਿਆਂ ਮਾਨ ਨੇ ਦਾਅਵਾ ਕੀਤਾ, “ਦਿੱਲੀ ਨੇ ਫੈਸਲਾ ਕਰ ਲਿਆ ਹੈ: ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ। ਭਾਜਪਾ ਦੀ ਨਿਰਾਸ਼ਾ ਦਰਸਾਉਂਦੀ ਹੈ ਕਿ ਉਹ ਪਹਿਲਾਂ ਹੀ ਹਾਰ ਚੁੱਕੀ ਹੈ।

 

ਮਾਨ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੀ ਬੀਕੇ ਦੱਤ ਕਲੋਨੀ ਵਿੱਚ ਇਹ ਐਲਾਨ ਕਰਦਿਆਂ ਕਿਹਾ, “ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਰੁਜ਼ਗਾਰ ਉਹ ਮੁੱਦੇ ਹਨ ਜਿਨ੍ਹਾਂ ਉਤੇ ਅਸੀਂ ਕੰਮ ਕਰਦੇ ਹਾਂ। ਭਾਜਪਾ ਅਤੇ ਕਾਂਗਰਸ ਸਿਰਫ ਤੁਹਾਡਾ ਪੈਸਾ ਲੁੱਟਦੀਆਂ ਹਨ ਅਤੇ ਤੁਹਾਡਾ ਭਵਿੱਖ ਬਰਬਾਦ ਕਰਦੀਆਂ ਹਨ।

 

ਮਾਨ ਨੇ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ, "5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ। ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਵੇਗੀ। ਫਿਰ ਪੰਜ ਸਾਲ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ।" ਉਨ੍ਹਾਂ ਕਿਹਾ ਕਿ ਲੋਕ ਝਾੜੂ ਨੂੰ ਵੋਟ ਪਾਉਣ ਦਾ ਫੈਸਲਾ ਕਰ ਚੁੱਕੇ ਹਨ, ਲੋਕ ਹੋਰ ਬਟਨਾਂ ਵੱਲ ਵੀ ਨਹੀਂ ਦੇਖਣਗੇ। ਪੂਰੀ ਦਿੱਲੀ ਕਹਿ ਰਹੀ ਹੈ, "ਫੇਰ ਲਿਆਵਾਂਗੇ ਕੇਜਰੀਵਾਲ !"

Advertisement

Latest News