ਗੋ-ਸੋਲਰ ਪ੍ਰੋਜੈਕਟ ਨੂੰ ਕਾਮਨ ਸਰਵਿਸ ਸੈਂਟਰ ਨਾਲ ਜੋੜਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ
ਹੁਸ਼ਿਆਰਪੁਰ, 12 ਦਸੰਬਰ :
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਨੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ। ਇਸ ਨੇ ਗੋ-ਸੋਲਰ ਪ੍ਰੋਜੈਕਟ ਨੂੰ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਨਾਲ ਜੋੜ ਕੇ ਸੂਬੇ ਭਰ ਵਿੱਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਕਦਮ ਨਾਲ ਹੁਸ਼ਿਆਰਪੁਰ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਨੇ ਸੋਲਰ ਛੱਤਾਂ ਦੀ ਸਥਾਪਨਾ ਮੁਹਿੰਮ ਨੂੰ ਸੀ.ਐਸ.ਸੀ ਨੈੱਟਵਰਕ ਨਾਲ ਜੋੜਿਆ ਹੈ, ਜਿਸ ਨਾਲ ਇਸ ਮਿਸ਼ਨ ਨੂੰ ਨਾ ਸਿਰਫ਼ ਸ਼ਹਿਰ ਵਿੱਚ ਸਗੋਂ ਹਰੇਕ ਪਿੰਡ ਵਿੱਚ ਫ਼ੈਲਾਉਣ ਵਿੱਚ ਮਦਦ ਮਿਲੀ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈੱਡ ਕਰਾਸ ਸੋਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤੇ ਗਏ ਗੋ-ਸੋਲਰ ਮੋਬਾਈਲ ਐਪ ਨੂੰ ਸੀ.ਐਸ.ਸੀ ਨਾਲ ਜੋੜਨ ਦੀ ਰਸਮੀ ਸ਼ੁਰੂਆਤ ਕਰਨ ਅਤੇ ਵੀ.ਐਲ.ਸੀਜ਼ ਲਈ ਇਕ ਵਿਸ਼ੇਸ਼ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਹੁਸ਼ਿਆਰਪੁਰ, ਸੂਰਜੀ ਛੱਤਾਂ 'ਤੇ ਇੰਸਟਾਲੇਸ਼ਨ ਦੇ ਮਾਮਲੇ ਵਿੱਚ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਜ਼ਿਲ੍ਹਾ ਹੈ, ਜੋ ਕਿ ਨਵਿਆਉਣਯੋਗ ਊਰਜਾ ਪ੍ਰਤੀ ਜ਼ਿਲ੍ਹੇ ਦੀ ਜਾਗਰੂਕਤਾ ਅਤੇ ਉਤਸ਼ਾਹ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੇਵਾ ਹੁਣ ਸੀ.ਐਸ.ਸੀਜ਼ ਰਾਹੀਂ ਲੋਕਾਂ ਤੱਕ ਸਿੱਧੇ ਉਨ੍ਹਾਂ ਦੇ ਦਰਵਾਜ਼ੇ 'ਤੇ ਪਹੁੰਚੇਗੀ, ਜਿਸ ਨਾਲ ਸੂਰਜੀ ਇੰਸਟਾਲੇਸ਼ਨ ਪ੍ਰਕਿਰਿਆ ਹੋਰ ਵੀ ਸਰਲ, ਤੇਜ਼ ਅਤੇ ਪਾਰਦਰਸ਼ੀ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਵੀ.ਐਲ.ਸੀਜ਼ ਰਾਹੀਂ ਦਿਲਚਸਪੀ ਰੱਖਣ ਵਾਲੇ ਖਪਤਕਾਰਾਂ ਤੋਂ ਜਾਣਕਾਰੀ ਇਕੱਠੀ ਕਰੇਗੀ, ਜਿਸ ਵਿੱਚ ਵਿਕਰੇਤਾ ਦੇ ਵੇਰਵੇ, ਘੱਟ ਵਿਆਜ਼ ਵਾਲੇ ਕਰਜ਼ੇ ਦੇ ਬਦਲ ਅਤੇ ਇੰਸਟਾਲੇਸ਼ਨ ਨਾਲ ਸਬੰਧਤ ਤਕਨੀਕੀ ਜਾਣਕਾਰੀ ਸ਼ਾਮਿਲ ਹੈ। ਅਰਜ਼ੀ ਜਮ੍ਹਾ ਕਰਵਾਉਣ 'ਤੇ, ਸਬੰਧਤ ਵਿਕਰੇਤਾ ਖਪਤਕਾਰ ਨਾਲ ਸੰਪਰਕ ਕਰੇਗਾ ਅਤੇ ਸੂਰਜੀ ਸਿਸਟਮ ਲਈ ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਕਰੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਾਰੀਆਂ ਸੇਵਾਵਾਂ ਪ੍ਰਦਾਨ ਕਰੇਗਾ, ਜਦੋਂ ਕਿ ਸੀ.ਐਸ.ਸੀ ਆਪਰੇਟਰਾਂ ਨੂੰ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪ੍ਰਤੀ ਅਰਜ਼ੀ ਅਤੇ ਇੰਸਟਾਲੇਸ਼ਨ ਲਈ ਪ੍ਰੋਤਸਾਹਨ ਵੀ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਸੂਰਜੀ ਸਿਸਟਮ ਸਮਰੱਥਾਵਾਂ ਲਈ ਭਾਰੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਤੋਂ 2 ਕਿਲੋਵਾਟ ਸਿਸਟਮ ਲਈ ₹30,000 ਤੋਂ ₹60,000 ਤੱਕ, 2 ਤੋਂ 3 ਕਿਲੋਵਾਟ ਸਿਸਟਮ ਲਈ ₹60,000 ਤੋਂ ₹78,000 ਤੱਕ ਅਤੇ 3 ਕਿਲੋਵਾਟ ਤੋਂ ਵੱਧ ਸਮਰੱਥਾ ਵਾਲੇ ਸਿਸਟਮਾਂ ਲਈ ₹78,000 ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿ ਗੋ-ਸੋਲਰ ਪ੍ਰੋਜੈਕਟ ਦੇ ਨੋਡਲ ਅਫਸਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ (ਆਈ.ਏ.ਐਸ) ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸ਼ਾਨਦਾਰ ਰਹੀ ਹੈ। ਉਨ੍ਹਾਂ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਦੀ ਵੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਮਿਸ਼ਨ ਦੀ ਪਹੁੰਚ ਨੂੰ ਆਮ ਲੋਕਾਂ ਤੱਕ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਆਸ਼ਿਕਾ ਜੈਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲ ਨਾ ਸਿਰਫ਼ ਜ਼ਿਲ੍ਹੇ ਨੂੰ ਨਵਿਆਉਣਯੋਗ ਊਰਜਾ ਲਈ ਇਕ ਮਾਡਲ ਜ਼ਿਲ੍ਹਾ ਬਣਾਏਗੀ, ਸਗੋਂ ਆਉਣ ਵਾਲੇ ਸਾਲਾਂ ਵਿੱਚ ਬਿਜਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਇਕ ਵੱਡੀ ਪ੍ਰਾਪਤੀ ਸਾਬਿਤ ਹੋਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ
ਤੇ ਪਰਮਪ੍ਰੀਤ ਸਿੰਘ, ਸੀ.ਐਸ.ਸੀ ਸਟੇਟ ਹੈੱਡ ਭੁਪਿੰਦਰ ਸਿੰਘ, ਸਟੇਟ ਕੋਆਰਡੀਨੇਟਰ ਪਰਵੀਨ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਧਰਵੰਤ ਸਿੰਘ, ਗੋ-ਸੋਲਰ ਪ੍ਰੋਜੈਕਟ ਦੇ ਸੂਚੀਬੱਧ ਵਿਕਰੇਤਾ ਅਤੇ ਵੱਡੀ ਗਿਣਤੀ ਵਿੱਚ ਵੀ.ਐਲ.ਈ ਮੌਜੂਦ ਸਨ।


