ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 25-04-2025 ਅੰਗ 862
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ
ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥ ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ। ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ॥ ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ, ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥


