ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਵਿਧਾਨ ਸਭਾ ਵਿਚ ਚੁੱਕੀ ਮੰਗ ਨੇ ਫਾਜ਼ਿਲਕਾ ਨੂੰ ਦਵਾਇਆ ਨਵਾਂ 220 ਕੇਵੀ ਬਿਜਲੀ ਘਰ, 145 ਕਰੋੜ ਰੁਪਏ ਹੋਏ ਮਨਜ਼ੂਰ
ਫਾਜ਼ਿਲਕਾ 16 ਮਾਰਚ
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਫਾਜ਼ਿਲਕਾ ਦੇ ਲੋਕ ਹਿੱਤਾਂ ਲਈ ਵਿਧਾਨ ਸਭਾ ਵਿਚ ਚੁੱਕੀ ਮੰਗ ਨੇ ਫਿਰ ਤੋਂ ਲੋਕਾਂ ਲਈ ਸੌਗਾਤ ਲੈ ਆਉਂਦੀ ਹੈ। ਸ਼ਹਿਰੀ ਖੇਤਰ ਦੇ ਲੋਕਾਂ ਦੇ ਨਾਲ-ਨਾਲ ਸਰਹੱਦੀ ਖੇਤਰ ਵਿਖ਼ੇ ਰਹਿਣ ਵਾਲੇ ਕਿਸਾਨ ਵੀਰਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਫਾਜ਼ਿਲਕਾ ਨੂੰ ਨਵੇ 220 ਕੇਵੀ ਬਿਜਲੀ ਘਰ ਦੀ ਸੌਗਾਤ ਮਿਲੀ । ਇਸ ਦਾ ਸਿਹਰਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੂੰ ਜਾਂਦਾ ਹੈ ਜੋ ਫਾਜ਼ਿਲਕਾ ਦੇ ਵਸਨੀਕਾਂ ਦੀ ਆਵਾਜ ਬਣ ਕੇ ਵਿਧਾਨ ਸਭਾ ਵਿਚ ਗੂੰਜਦੇ ਹਨ ਤੇ ਆਏ ਦਿਨ ਲੋਕਾਂ ਲਈ ਸੌਗਾਤਾਂ ਲੈ ਕੇ ਆ ਰਹੇ ਹਨ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਾਲ ਨਾਲ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਹਲਕੇ ਨੂੰ ਨਵਾਂ ਬਿਜਲੀ ਘਰ ਦਿੱਤਾ ਜਿਸ ਦੇ ਲਈ 145 ਕਰੋੜ ਰੁਪਏ ਮਨਜ਼ੂਰ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਿਜਲੀ ਘਰ ਨਾਲ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਜੋ ਬਿਜਲੀ ਦੀ ਸਪਲਾਈ ਪੂਰੀ ਨਹੀਂ ਹੁੰਦੀ ਸੀ ਤੇ ਲਾਈਨ ਓਵਰਲੋਡ ਹੋਣ ਕਰਕੇ ਸੜ ਜਾਂਦੀਆਂ ਸਨ, ਨਵੇ ਬਿਜਲੀ ਘਰ ਨਾਲ ਮੁਕੰਮਲ ਬਿਜਲੀ ਮਿਲੇਗੀ ਤੇ ਬਿਜਲੀ ਦੇ ਕੱਟਾ ਤੋਂ ਵੀ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ 220 ਕੇਵੀ ਬਿਜਲੀ ਘਰ ਦੇ ਚੱਲਣ ਨਾਲ ਹਲਕੇ ਦੇ ਲੋਕਾਂ ਦੀ ਬਿਜਲੀ ਦੀ ਮੰਗ ਪੂਰੀ ਹੋਵੇਗੀ।
ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਵਿਚ ਫਾਜ਼ਿਲਕਾ ਇਲਾਕੇ ਅੰਦਰ ਬਿਜਲੀ ਸਮੱਸਿਆ ਦਾ ਮੁੱਦਾ ਚੁੱਕਿਆ| ਉਨਾ ਕਿਹਾ ਕਿ ਸ਼ਹਿਰ ਦੇ ਵਸਨੀਕਾਂ ਨਾਲ- ਨਾਲ ਸਾਡੇ ਖੇਤਰ ਦੇ ਕਿਸਾਨ ਵੀ ਇਸ ਸਮੱਸਿਆ ਤੋਂ ਜੂਝ ਰਹੇ ਸਨ ਜੋ ਕਿ ਤਾਰੋ ਪਾਰ ਖੇਤੀ ਕਰਦੇ ਹਨ ਤੇ ਉਹਨਾਂ ਨੂੰ ਲੋੜੀਦੀ ਮਾਤਰਾ ਵਿੱਚ ਬਿਜਲੀ ਨਹੀਂ ਮਿਲਦੀ ਤੇ ਕਿਸਾਨਾਂ ਨੂੰ ਖੇਤੀ ਕਰਨ ਵਿਚ ਮੁਸ਼ਕਲ ਆਉਂਦੀ ਹੈ| ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਵੀਰ ਖੇਤੀ ਤੇ ਹੀ ਨਿਰਭਰ ਹਨ, ਇਸ ਕਰਕੇ ਉਨ੍ਹਾਂ ਨੂੰ ਖੇਤੀ ਪੱਖੋਂ ਸਹੂਲਤਾਂ ਦੇਣੀਆਂ ਬਣਦੀਆਂ ਹਨ |
ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਜਿੰਨੇ ਮੁੱਦੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਇਹਨਾਂ 4 ਸਾਲਾਂ ਵਿਚ ਚੱਕੇ ਨੇ, ਇਸ ਤੋਂ ਪਹਿਲਾਂ ਕਿਸੇ ਵੀ ਵਿਧਾਇਕ ਨੇ ਵਿਧਾਨ ਸਭਾ ਵਿਚ ਫਾਜ਼ਿਲਕਾ ਲਈ ਕੋਈ ਗੱਲ ਨਹੀਂ ਕੀਤੀ ਸੀ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਜਿੰਨੇ ਵੀ ਮੁੱਦੇ ਵਿਧਾਨ ਸਭਾ ਵਿਚ ਚੱਕੇ ਹਨ, ਉਨ੍ਹਾਂ ਵਿੱਚੋਂ ਲੱਗਭਗ ਸਾਰੇ ਹੀ ਹੱਲ ਵੀ ਕਰਵਾਏ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਨਵੇਂ 220 ਕੇਵੀ ਬਿਜਲੀ ਘਰ ਦੀ ਸਹੂਲਤ ਫਾਜ਼ਿਲਕਾ ਨੂੰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਸਦੀ ਟੈਂਡਰ ਪ੍ਰਕ੍ਰਿਆ ਜਾਰੀ ਹੈ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ| ਉਨ੍ਹਾਂ ਕਿਹਾ ਕਿ ਉਹਨਾਂ ਨਾਲ ਕੀਤੇ ਗਏ 8 ਘੰਟੇ ਬਿਜਲੀ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਜਰੂਰ ਨਿਭਾਇਆ ਜਾਵੇਗਾ ਤੇ ਦਿਨ ਸਮੇਂ ਵੀ ਬਿਜਲੀ ਆਇਆ ਕਰੇਗੀ |

