ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਕੀਤਾ ਜਾਗਰੂਕ
ਬਰਨਾਲਾ, 20 ਮਈ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਮਿਲ ਕੇ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਏ ਜਾਂਦੇ ਹਨ।
ਇਸ ਸਾਲ ਯੂਨਾਇਟਡ ਨੇਸ਼ਨ ਫਾਰ ਇਨਵਾਇਰਮੈਂਟ ਪ੍ਰੋਗਰਾਮ ਸਾਲ 2025 ਤਹਿਤ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ "ਬੀਟ ਪਲਾਸਟਿਕ ਪਲਿਊਸ਼ਨ" ਰੱਖਿਆ ਗਿਆ ਹੈ ਜਿਸ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ, ਬਰਨਾਲਾ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪੇਂਟਿੰਗ ਅਤੇ ਭਾਸ਼ਣ (ਡਿਕਲੇਮੇਸ਼ਨ) ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਲਗਭਗ 40 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਦੇ ਵਾਇਸ ਪ੍ਰਿੰਸੀਪਲ ਜਸਪ੍ਰੀਤ ਸਿੰਘ ਨੇ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚਲਾਈ ਜਾ ਰਹੀ ਵਾਤਾਵਰਣ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਸਬੰਧੀ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕਰਦੇ ਹਨ। ਇਹ ਉਪਰਾਲਾ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਸੁਚੇਤਤਾ ਅਤੇ ਜਿੰਮੇਵਾਰੀ ਦੀ ਭਾਵਨਾ ਨੂੰ ਉਭਾਰਨ ਵੱਲ ਇੱਕ ਸਰਾਹਣਯੋਗ ਕਦਮ ਸਾਬਤ ਹੋਵੇਗਾ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ, ਬਰਨਾਲਾ ਦੇ ਵਾਤਾਵਰਣ ਇੰਜੀਨੀਅਰ ਸ਼੍ਰੀ ਵਿੱਕੀ ਬਾਂਸਲ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਦਿਨ ਦੀ ਵਿਸ਼ੇਸ਼ਤਾ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਲਾਸਟਿਕ ਦੀ ਵਰਤੋਂ ਵੱਧ ਰਹੀ ਹੈ ਜਿਸ ਕਾਰਨ ਪਲਾਸਟਿਕ ਪ੍ਰਦੂਸ਼ਨ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਆਪਣੇ ਮਾਪਿਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਉਣ। ਉਨ੍ਹਾਂ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਕੇਵਲ ਇਨਸਾਨਾਂ ਲਈ ਹੀ ਨਹੀਂ ਸਗੋਂ ਜਾਨਵਰ ਅਤੇ ਸਮੁੰਦਰੀ ਜੀਵ-ਜੰਤੂਆਂ ਲਈ ਵੀ ਉਨ੍ਹਾਂ ਹੀ ਹਾਨੀਕਾਰਕ ਹੈ।
ਸ਼੍ਰੀ ਹਰਮਨਪ੍ਰੀਤ ਸਿੰਘ, ਐਸ.ਡੀ.ਓ (ਪੀ.ਪੀ.ਸੀ.ਬੀ) ਨੇ ਦੱਸਿਆ ਕਿ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੱਪੜੇ ਦੇ ਬੈਗ ਵੰਡੇ ਗਏ ਅਤੇ ਅਪੀਲ ਕੀਤੀ ਗਈ ਕਿ ਜਦੋਂ ਵੀ ਬਜ਼ਾਰ ਜਾਣ ਤਾਂ ਪਲਾਸਟਿਕ ਦੇ ਲਿਫਾਫਿਆਂ ਦੀ ਜਗਾ ਕੱਪੜੇ ਦੇ ਬੈਗ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਜੇਤੂ ਵਿਦਿਆਰਥਿਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਉਨ੍ਹਾਂ ਦਾ ਹੋਂਸਲਾ ਵਧਾਇਆ ਗਿਆ।
ਇਸ ਸਮਾਗਮ ਵਿੱਚ ਸ਼੍ਰੀ ਸੁਖਪਾਲ ਸਿੰਘ, ਸ਼੍ਰੀ ਚੇਤਵੰਤ ਸਿੰਘ (ਸਾਇੰਸ ਅਧਿਆਪਕ) ਅਤੇ ਸ਼੍ਰੀ ਦਿਲਪ੍ਰੀਤ ਸਿੰਘ (ਆਰਟ ਐਂਡ ਕਰਾਫਟ ਅਧਿਆਪਕ) ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਮੈਸੇਜ ਆਈ.ਓ.ਐਲ ਕੈਮਿਕਲਜ ਅਤੇ ਫਾਰਮਾਸੁਟਿਕਲਸਮਿਸ ਦੇ ਸੀਨੀਅਰ ਮੈਨੇਜਰ ਸ਼੍ਰੀ ਸੰਦੀਪ ਅਰੋੜਾ ਵਿਦਿਆਰਥੀਆਂ ਦੀ ਹੌਂਸਲਾਅਫਜ਼ਾਈ ਲਈ ਉਚੇਚੇ ਤੌਰ 'ਤੇ ਸਮਾਗਮ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਮਿਸ ਅਰਸ਼ਦੀਪ ਕੰਗ, ਸ੍ਰੀ ਗੁਰਸੇਵਕ ਸਿੰਘ, ਸ਼੍ਰੀ ਵਿਜੇ ਕੁਮਾਰ, ਸ਼੍ਰੀ ਕੁਲਦੀਪ ਸਿੰਘ, ਸ਼੍ਰੀਮਤੀ ਹਰਨੂਰ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਰਮਚਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਦੇ ਅਧਿਆਪਕ ਮੌਜੂਦ ਸਨ।


