ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਦੂਜੇ ਦਿਨ ਵੀ ਨਰਮਾ ਪੱਟੀ ਦਾ ਦੌਰਾ ਜਾਰੀ
ਅਬੋਹਰ ਫਾਜ਼ਿਲਕਾ 27 ਜੁਲਾਈ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨਰਮਾ ਪੱਟੀ ਦੇ ਜ਼ਿਲ੍ਹਿਆਂ ਦੇ ਦੌਰੇ ਦੀ ਲੜੀ ਵਿੱਚ ਅੱਜ ਦੂਜੇ ਦਿਨ ਫਾਜ਼ਿਲਕਾ ਜਿਲੇ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਖੈਰਪੁਰਾ, ਸੱਯਦਾਂ ਵਾਲੀ,ਤਾਜਾ ਪਟੀ ਅਤੇ ਗੋਬਿੰਦਗੜ੍ਹ ਦਾ ਦੌਰਾ ਕਰਕੇ ਨਰਮੇ ਦੇ ਖੇਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ । ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਰਹੇ ।
ਇਸ ਮੌਕੇ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਪੂਰੀ ਤਰ੍ਹਾਂ ਚੌਕਸ ਕੀਤਾ ਹੋਇਆ ਹੈ ਅਤੇ ਨਰਮੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਵਿਭਾਗ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਦੀਆਂ 128 ਟੀਮਾਂ ਲਗਾਤਾਰ ਨਰਮੇ ਦੇ ਖੇਤਾਂ ਦਾ ਸਰਵੇਖਣ ਕਰ ਰਹੀਆਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਰਮੇ ਅਤੇ ਹੋਰ ਫਸਲਾਂ ਲਈ ਵਰਤੀਆਂ ਜਾਂਦੀਆਂ ਕੀੜੇਮਾਰ ਜਹਿਰਾਂ, ਉੱਲੀ ਨਾਸ਼ਕ ਅਤੇ ਖਾਦਾਂ ਦੀ ਉੱਚ ਗੁਣਵਤਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਨਹਿਰ ਮਾਲਵਾ ਨਹਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਹਿਰ ਦੇ ਬਣਨ ਤੇ 23 ਸੌ ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਲਗਭਗ 150 ਕਿਲੋਮੀਟਰ ਇਹ ਲੰਬੀ ਨਹਿਰ ਬਨਣ ਦੇ ਨਾਲ ਸਭ ਤੋਂ ਵੱਧ ਫਾਇਦਾ ਅਬੋਹਰ ਬੱਲੂਆਣਾ ਇਲਾਕਿਆਂ ਨੂੰ ਹੋਵੇਗਾ। ਖੇਤੀਬਾੜੀ ਮੰਤਰੀ ਨੇ ਆਖਿਆ ਕਿ ਪਹਿਲੀ ਵਾਰ ਹੈ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਕੋਈ ਵੱਡੀ ਨਹਿਰ ਬਣਨ ਜਾ ਰਹੀ ਹੈ।
ਇਸ ਮੌਕੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਨਰਮੇ ਦੇ ਬੀਟੀ ਤਿੰਨ ਬੀਜ ਜਾਰੀ ਕਰਨ ਸਬੰਧੀ ਮੁੱਦਾ ਉਠਾਇਆ ਗਿਆ ਹੈ । ਉਹਨਾਂ ਨੇ ਆਸ ਪ੍ਰਗਟਾਈ ਕਿ ਨਰਮੇ ਦੀਆਂ ਬੀਟੀ ਤਿੰਨ ਕਿਸਮਾਂ ਆਉਣ ਨਾਲ ਨਰਮੇ ਦੀ ਫਸਲ ਨੂੰ ਹੋਰ ਹੁਲਾਰਾ ਮਿਲੇਗਾ।
ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਨਰਮੇ ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ। ਉਹਨਾਂ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਜਿੱਥੇ ਲਗਾਤਾਰ ਸਰਵੇਖਣ ਕਰ ਰਹੀਆਂ ਹਨ ਉੱਥੇ ਕਿਸਾਨ ਵੀ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਕੋਈ ਕੀੜੇ ਜਾਂ ਬਿਮਾਰੀ ਦਾ ਹਮਲਾ ਹੋਵੇ ਤਾਂ ਕਿਸੇ ਵੀ ਤਕਨੀਕੀ ਜਾਣਕਾਰੀ ਲਈ ਵਿਭਾਗ ਨਾਲ ਰਾਬਤਾ ਕੀਤਾ ਜਾਵੇ।
ਇਸ ਮੌਕੇ ਇੱਥੇ ਪਹੁੰਚਣ ਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਉਹਨਾਂ ਦਾ ਸਵਾਗਤ ਕੀਤਾ । ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬੱਲੂਆਣਾ ਹਲਕੇ ਦੇ ਵਿਕਾਸ ਤੇ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਲਈ ਹਲਕੇ ਵਿੱਚ ਕਈ ਕੱਸੀਆਂ ਅਤੇ ਨਹਿਰਾਂ ਦਾ ਪੁਨਰ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਮਿਲੇ ।
ਇਸ ਮੌਕੇ ਐਸਐਸਪੀ ਡਾ ਪ੍ਰਗਿਆ ਜੈਨ, ਐਸ ਡੀ ਐਮ ਸ਼੍ਰੀ ਪੰਕਜ ਬਾਂਸਲ, ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦਿਲਬਾਗ ਸਿੰਘ, ਮੁੱਖ ਖੇਤੀਬਾੜੀ ਅਫਸਰ ਸੰਦੀਪ ਰਿਣਵਾ ਸਹਾਇਕ ਪੌਦ ਸੁਰੱਖਿਆ ਅਫਸਰ ਸੁੰਦਰ ਲਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।