ਫ਼ਰੀਦਕੋਟ ਦਾ ਸਰਬਪੱਖੀ ਵਿਕਾਸ ਹੀ ਮੁੱਖ ਤਰਜੀਹ- ਗੁਰਦਿੱਤ ਸਿੰਘ ਸੇਖੋਂ
ਫ਼ਰੀਦਕੋਟ 30 ਜਨਵਰੀ
ਹਲਕਾ ਫ਼ਰੀਦਕੋਟ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਕ ਹੋਰ ਵੱਡਾ ਅਤੇ ਇਤਿਹਾਸਕ ਵਿਕਾਸੀ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਗੋਲੇਵਾਲਾ ਤੋਂ ਚੁੱਘੇਵਾਲਾ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ–ਫਿਰੋਜ਼ਪੁਰ ਰੋਡ ਨਾਲ ਜੁੜਦੀ ਸੜਕ ਨੂੰ ਹੁਣ 12.3 ਫੁੱਟ ਤੋਂ ਵਧਾ ਕੇ 18 ਫੁੱਟ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 11.96 ਕਿਲੋਮੀਟਰ ਹੈ। ਇਸ ਪ੍ਰੋਜੈਕਟ ਲਈ 992.83 ਲੱਖ ਰੁਪਏ ਦੀ ਐਗਜ਼ਿਕਿਊਸ਼ਨ ਲਾਗਤ ਅਤੇ 52.14 ਲੱਖ ਰੁਪਏ ਦੀ ਮੇਨਟੀਨੈਂਸ ਲਾਗਤ ਨਿਰਧਾਰਤ ਕੀਤੀ ਗਈ ਹੈ, ਜਿਸ ਨਾਲ ਪ੍ਰੋਜੈਕਟ ਦੀ ਕੁੱਲ ਲਾਗਤ 1044.97 ਲੱਖ ਰੁਪਏ ਬਣਦੀ ਹੈ। ਇਹ ਪ੍ਰੋਜੈਕਟ ਸਪੈਸ਼ਲ ਅਸਿਸਟੈਂਟ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ ਸਕੀਮ 2025-26 ਤਹਿਤ ਮਨਜ਼ੂਰ ਕੀਤਾ ਗਿਆ ਹੈ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਇਸ ਮਹੱਤਵਪੂਰਨ ਵਿਕਾਸੀ ਪ੍ਰੋਜੈਕਟ ਦੀ ਮਨਜ਼ੂਰੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਬੰਧਤ ਵਿਭਾਗ ਦੇ ਮੰਤਰੀ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰ ਰਹੀ ਹੈ।
ਸ. ਸੇਖੋਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਲਕਾ ਫ਼ਰੀਦਕੋਟ ਨੂੰ ਵਿਕਾਸ ਦੇ ਮਾਮਲੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ, ਪਰ ਮੌਜੂਦਾ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ’ਤੇ ਖਰੀ ਉਤਰ ਰਹੀ ਹੈ। ਇਸ ਸੜਕ ਦੇ ਚੌੜਾ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ, ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਖੇਤੀਬਾੜੀ, ਵਪਾਰ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਨਵਾਂ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਹਲਕਾ ਫ਼ਰੀਦਕੋਟ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ-ਹਿਤ ਵਿੱਚ ਅਜਿਹੇ ਹੋਰ ਵੱਡੇ ਵਿਕਾਸੀ ਕੰਮ ਲਗਾਤਾਰ ਕੀਤੇ ਜਾਣਗੇ।

