ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 18 ਸਤੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਸਬੰਧੀ ਅਹਿਮ ਕਦਮ ਵਜੋਂ, ਸਟੇਟ ਹੈਲਥ ਏਜੰਸੀ (ਐਸਐਚਏ) ਵੱਲੋਂ ਦਾਅਵਿਆਂ ਸਬੰਧੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਮੈਡੀਕਲ ਪੇਸ਼ੇਵਰ ਨਿਯੁਕਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।
ਸਿਹਤ ਮੰਤਰੀ ਅੱਜ ਇੱਥੇ ਸਟੇਟ ਹੈਲਥ ਏਜੰਸੀ ਦੀ ਸਬ-ਕਮੇਟੀ ਨਾਲ ਪਾਲਿਸੀ ਸਬੰਧੀ ਮਾਮਲਿਆਂ, ਕਰਮਚਾਰੀਆਂ ਦੀ ਘਾਟ ਅਤੇ ਸਟੇਟ ਹੈਲਥ ਏਜੰਸੀ ਦੇ ਚੱਲ ਰਹੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਸਕੱਤਰ ਸਿਹਤ ਕੁਮਾਰ ਰਾਹੁਲ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ ਅਤੇ ਸਟੇਟ ਹੈਲਥ ਏਜੰਸੀ (ਐਸਐਚਏ) ਪੰਜਾਬ ਦੀ ਸੀਈਓ ਮਿਸ ਬਬੀਤਾ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮੈਡੀਕਲ ਪੇਸ਼ੇਵਰਾਂ ਦੀ ਭਰਤੀ ਦਾ ਉਦੇਸ਼ ਦਾਅਵੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਦੇਰੀ ਨੂੰ ਘਟਾਉਣਾ ਅਤੇ ਸਮੁੱਚੀ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਕੰਮ ਦੇ ਮੌਜੂਦਾ ਬੋਝ ਨੂੰ ਘਟਾਉਣਾ ਅਤੇ ਦਾਅਵਿਆਂ ਦੇ ਮੁਲਾਂਕਣ ਵਿੱਚ ਲੱਗਣ ਵਾਲੀ ਦੇਰੀ ਨੂੰ ਘੱਟ ਕਰਨਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਭਰਤੀ ਮੁਹਿੰਮ ਯੋਗਤਾ ਪ੍ਰਾਪਤ ਮੈਡੀਕਲ ਪੇਸ਼ੇਵਰਾਂ 'ਤੇ ਕੇਂਦ੍ਰਤ ਕਰੇਗੀ ਜੋ ਦਾਅਵਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਲਾਂਕਣ ਅਤੇ ਇਸ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਸਕਦੇ ਹਨ, ਜਿਸ ਨਾਲ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਤੁਰੰਤ ਅਦਾਇਗੀ ਕੀਤੀ ਜਾ ਸਕੇਗੀ। ਉਨ੍ਹਾਂ ਅੱਗੇ ਕਿਹਾ ਕਿ ਨਵ ਨਿਯੁਕਤ ਸਟਾਫ ਨੂੰ ਦਾਅਵਿਆਂ ਦੀ ਪ੍ਰਕਿਰਿਆ ਸਬੰਧੀ ਪ੍ਰੋਟੋਕੋਲ ਅਤੇ ਵਿਸ਼ੇਸ਼ ਲੋੜਾਂ 'ਤੇ ਕੇਂਦ੍ਰਤ ਵਿਆਪਕ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਾਅਵਿਆਂ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਮੌਜੂਦਾ ਸਟਾਫ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਵਧੀਆ ਅਭਿਆਸਾਂ ਅਤੇ ਪ੍ਰਕਿਰਿਆ ਤੋਂ ਜਾਣੂ ਹੋ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸੇਵਾਵਾਂ ਦੇ ਉੱਚ ਮਿਆਰਾਂ ਅਤੇ ਮੁਲਾਂਕਣਾਂ ਵਿੱਚ ਸਟੀਕਤਾ ਨੂੰ ਕਾਇਮ ਰੱਖਣ ਵਿੱਚ ਮਦਦ ਮਿਲੇਗੀ।
ਡਾ. ਬਲਬੀਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ  ਤਹਿਤ ਸੂਚੀਬੱਧ ਸਾਰੇ ਹਸਪਤਾਲਾਂ ਦੀਆਂ ਬਕਾਇਆ ਅਦਾਇਗੀਆਂ  ਕਲੀਅਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ, 2024 ਤੋਂ 15 ਸਤੰਬਰ ਤੱਕ 210 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਤੋਂ ਵਾਂਝਾ ਨਾ ਰਹਿ ਸਕੇ।
ਇਹ ਸਕੀਮ ਸੂਬੇ ਭਰ ਦੇ 772 ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਦਾਨ ਕਰਦੀ ਹੈ। ਸਟੇਟ ਹੈਲਥ ਏਜੰਸੀ ਨੇ ਪੰਜਾਬ ਦੇ 45 ਲੱਖ ਤੋਂ ਵੱਧ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ 84.44 ਲੱਖ ਕਾਰਡ ਜਾਰੀ ਕੀਤੇ ਹਨ, ਜਿੰਨ੍ਹਾਂ ਵਿੱਚ ਗੋਡੇ ਬਦਲਣ, ਦਿਲ ਦੀਆਂ ਬਿਮਾਰੀਆਂ ਸਬੰਧੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਕਰਵਾਉਣ ਦੀ ਸਹੂਲਤ ਹੈ। ਇਸ ਸਕੀਮ ਦਾ ਲਾਭ ਲੈਣ ਵਾਲਿਆਂ ਵਿੱਚ ਐਨਐਫਐਸਏ ਕਾਰਡ ਧਾਰਕ, ਜੇ-ਫਾਰਮ-ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਅਤੇ 2011 ਦੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡੇਟਾ ਤਹਿਤ ਕਵਰ ਕੀਤੇ ਗਏ ਪਰਿਵਾਰ ਸ਼ਾਮਲ ਹਨ।
 ਜ਼ਿਕਰਯੋਗ ਹੈ ਕਿ ਲਾਭਪਾਤਰੀ  ‘‘ਆਯੂਸ਼ਮਾਨ ਐਪ’’ ਦੀ ਵਰਤੋਂ ਕਰਕੇ, ਵੈਬਸਾਈਟ "beneficiary.nha.gov.in" ’ਤੇ ਜਾ ਕੇ, ਜਾਂ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਬੱਧ ਹਸਪਤਾਲਾਂ ਤੱਕ ਪਹੁੰਚ ਕਰ ਕੇ ਆਸਾਨੀ ਨਾਲ ਆਪਣੇ ਕਾਰਡ ਪ੍ਰਾਪਤ ਕਰ ਸਕਦੇ ਹਨ।

Tags:

Advertisement

Latest News

ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ! ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...
ਭਾਰਤ ਅਤੇ ਬੰਗਲਾਦੇਸ਼ T-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨੂੰ ਲੈ ਕੇ ਤਿਆਰੀਆਂ ਮੁਕੰਮਲ
5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ
ਈ-ਸਿਗਰਟ ਜਾਨਲੇਵਾ ਹੋ ਸਕਦੀ ਹੈ: ਸਿਵਲ ਸਰਜਨ ਡਾ ਕਿਰਨਦੀਪ ਕੌਰ
ਕੇਂਦਰੀ ਵਿਧਾਨ ਸਭਾ ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਡਾ ਅਜੈ ਗੁਪਤਾ
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ